ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਾਲ਼ ਫੜਾਇਆ ਸੀ... ਜੇ ਤੂੰ ਅਸਲੀ ਬਾਪ ਦਾ ਤੁਖ਼ਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀਂ।"
ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ਼ ਲਮਕਾਈ ਤੇ ਹੱਥ 'ਚ ਰਫ਼ਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, "ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਹ ਨਿਆਈਆਂ ਵੱਲ ਨੂੰ ਭੱਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲ਼ੋਂ ਬਚ ਕੇ ਨੀ ਜਾ ਸਕਦਾ।"
ਡੋਗਰ ਦੀ ਘਰ ਵਾਲ਼ੀ ਨੇ ਉਸ ਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖ਼ੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿਚ ਜਾ ਪੁੱਜਾ ਜਿੱਥੇ ਖੜ੍ਹਾ ਜੀਊਣਾ ਮੌੜ ਖੌਰੂ ਪਾ ਰਿਹਾ ਸੀ।
ਜੀਊਣੇ ਨੇ ਡੋਗਰ ਨੂੰ ਲਲਕਾਰਿਆ, "ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ਼ ਨੀ ਮਾਰਦਾ। ਪਹਿਲਾ ਵਾਰ ਤੇਰੈ।"
ਡੋਗਰ ਨੇ ਪਹਿਲਾ ਫ਼ਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ 'ਤੇ ਨਿਮ ਗਈ। ਗੋਲ਼ੀ ਉਪਰੋਂ ਲੰਘ ਗਈ। ਦੂਜਾ ਫ਼ਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀਂ ਕਿ ਪਹਿਲੇ ਫ਼ਾਇਰ ਨਾਲ਼ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।
ਡੋਗਰ ਦੀ ਲਾਸ਼ ਧਰਤੀ 'ਤੇ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ।
ਕਿਸੇ ਮੌੜੀਂ ਦਾ ਦੱਸਿਆ "ਜੀਊਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਐ।" ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।
ਡੋਗਰ ਦੇ ਮਾਰਨ ਦੀ ਖ਼ਬਰ ਸਾਰੇ ਇਲਾਕੇ ਵਿਚ ਅੱਗ ਵਾਂਗ ਫੈਲ ਗਈ... ਘਰ-ਘਰ ਜੀਊਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ... ਹਰ ਕੋਈ ਉਸ ਅਣਖੀ ਸੂਰਮੇ ਦੀਆਂ ਗੱਲਾਂ ਕਰ ਰਿਹਾ ਸੀ।

ਘਰ ਘਰ ਪੁੱਤ ਜੰਮਦੇ
ਜੀਊਣਾ ਮੌੜ ਨੀ ਕਿਸੇ ਬਣ ਜਾਣਾ

ਬੁਡਲਾਢੇ ਦੀ ਪੁਲਿਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲ਼ਾ ਕਿੱਥੇ ਸੀ। ਪੁਲਿਸ ਤਾਂ ਉਸ ਪਾਸੋਂ ਥਰ-ਥਰ ਕੰਬਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ਼ ਜੀਊਣਾ ਮੌੜ ਆਪਣੇ ਇਲਾਕੇ ਵਿਚ ਵਿਚਰ ਰਿਹਾ ਸੀ।

ਪੰਜਾਬੀ ਲੋਕ ਗਾਥਾਵਾਂ/ 68