ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਤਰੱਕ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿਚ ਨੈਣਾਂ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ਼ ਸੋਨੇ ਦਾ ਛਤਰ ਦੇਵੀ ਦੀ ਮੂਰਤੀ 'ਤੇ ਚੜ੍ਹਾ ਆਂਦਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਸ ਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ। ਨਿਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤਕ ਕਰਦਾ। ਆਖ਼ਰ ਜੀਊਣਾ ਮੌੜ ਪੁਲਿਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਚੰਘਾੜਦਾ ਰਿਹਾ।
ਨੈਣਾਂ ਦੇਵੀ ਦੇ ਸ਼ਰਧਾਲੂਆਂ ਦਾ ਮੱਤ ਹੈ ਕਿ ਜੀਊਣਾ ਮੌੜ ਪੁਲਿਸ ਦੇ ਹੱਥ ਨਹੀਂ ਸੀ ਲੱਗਾ। ਉਸ ਨੇ ਪਹਾੜੀ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੱਤੀ ਸੀ। ਉਨ੍ਹਾਂ ਨੇ ਓਥੇ ਉਹਦੀ ਸਮਾਧ ਵੀ ਬਣਾਈ ਹੋਈ ਹੈ ਪਰੰਤੂ ਅਸਲੀਅਤ ਤਾਂ ਇਹ ਹੈ ਕਿ ਜੀਊਣੇ ਮੌੜ ਨੂੰ ਫ਼ਿਰੋਜ਼ਪੁਰ ਦੀ ਜੇਲ੍ਹ ਵਿਚ ਡੱਕ ਦਿੱਤਾ ਗਿਆ। ਮੁਕੱਦਮਾ ਚਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫ਼ਾਂਸੀ ਦੇ ਤਖ਼ਤੇ 'ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ 'ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ..

.

ਪੰਜਾਬੀ ਲੋਕ ਗਾਥਾਵਾਂ/ 70