ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੂਪ ਬਸੰਤ

ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਏ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ਼ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ਼ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇਕ ਘੁਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ- ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਧਾਨੀ।
ਰਾਜਾ ਖੜਗ ਸੈਨ ਇਕ ਨੇਕ ਦਿਲ, ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸੀ। ਉਸ ਦੇ ਰਾਜ ਵਿਚ ਪਰਜਾ ਬਹੁਤ ਸੁਖੀ ਸੀ। ਸਾਰੇ ਉਸ ਨੂੰ ਬੜਾ ਆਦਰ ਮਾਣ ਦੇਂਦੇ ਸਨ। ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ- ਔਲਾਦ ਵਲੋਂ ਵੀ ਉਹ ਸੰਤੁਸ਼ਟ ਸੀ। ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ, ਜਿਨ੍ਹਾਂ ਨੂੰ ਵੇਖਿਆਂ ਭੁੱਖ ਲਹਿੰਦੀ ਸੀ- ਅੱਖੀਆਂ ਰੱਜ ਰੱਜ ਜਾਂਦੀਆਂ ਸਨ। ਰੂਪ ਵੱਡਾ ਸੀ ਪੰਦਰਾਂ ਵਰ੍ਹਿਆਂ ਦਾ ਤੇ ਬਸੰਤ ਰੂਪ ਤੋਂ ਦੋ ਸਾਲ ਛੋਟਾ ਸੀ ਪਰੰਤੂ ਖੜਗ ਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵਲੋਂ ਫ਼ਿਕਰਮੰਦ ਸੀ। ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ। ਰਾਜ ਦੇ ਹਕੀਮਾਂ ਨੇ ਉਹਦਾ ਬਹੁਤੇਰਾ ਇਲਾਜ ਕੀਤਾ ਪਰੰਤੂ ਉਹ ਅਜਿਹੀ ਮੰਜੇ 'ਤੇ ਪਈ ਕਿ ਉਠ ਨਾ ਸਕੀ। ਉਹ ਮੰਜੇ 'ਤੇ ਪਈ ਸੋਚਾਂ 'ਚ ਡੁੱਬੀ ਹੋਈ ਸੀ ਕਿ ਅਚਾਨਕ ਉਹਦੀ ਨਿਗਾਹ ਕਮਰੇ ਦੀ ਛੱਤ ਦੀਆਂ ਕੁੜੀਆਂ 'ਤੇ ਜਾ ਪਈ ਜਿੱਥੇ ਇਕ ਚਿੜਾ-ਚਿੜੀ ਆਪਣੇ ਆਲ੍ਹਣੇ ਵਿਚ ਪਏ ਦੋ ਨਿੱਕੇ-ਨਿੱਕੇ ਬੋਟਾਂ ਨੂੰ ਚੋਗਾ ਖਲ਼ਾ ਰਹੇ ਸਨ- ਦੋਨੋਂ ਵਾਰੀ-ਵਾਰੀ ਜਾਂਦੇ ਬਾਹਰੋਂ ਆਪਣੀ ਚੁੰਝ ਵਿਚ ਚੋਗਾ ਲਿਆ ਕੇ ਆਪਣੇ ਬੱਚਿਆਂ ਦੇ ਮੂੰਹਾਂ 'ਚ ਪਾ ਦੇਂਦੇ। ਰਾਣੀ ਕਈ ਦਿਨ ਲਗਾਤਾਰ ਚਿੜੀ-ਚਿੜੇ ਦੀ ਖੇਡ ਵੇਖਦੀ ਰਹੀ।
ਇਕ ਦਿਨ ਕੀ ਹੋਇਆ ਰਾਣੀ ਦੇ ਵੇਂਹਦਿਆਂ-ਵੇਂਹਦਿਆਂ ਚਿੜੀ ਇਕ ਦਮ ਫ਼ਰਸ਼ 'ਤੇ ਡਿੱਗ ਪਈ ਤੇ ਡਿਗਦੇ ਸਾਰ ਹੀ ਉਹਦੀ ਮੌਤ ਹੋ ਗਈ। ਰਾਣੀ ਨੂੰ ਚਿੜੀ ਦੀ ਮੌਤ ਨੇ ਸੋਚਾਂ 'ਚ ਡੁਬੋ ਦਿੱਤਾ... ਨਿੱਕੇ-ਨਿੱਕੇ ਬੋਟ ਭਲਾ ਮਾਂ ਦੇ ਨਿੱਘ ਤੋਂ ਬਿਨਾਂ ਕਿਵੇਂ ਪਲਣਗੇ। ਰਾਣੀ ਦੀਆਂ ਅੱਖਾਂ 'ਚੋਂ ਹੰਝੂ ਟਪਕ ਪਏ ਤੇ ਉਹਨੇ ਠੰਢਾ ਹੌਕਾ ਭਰਿਆ। ਉਹਦੀ ਸੁਰਤ ਹੁਣ ਹਰ ਪਲ ਆਲ੍ਹਣੇ 'ਤੇ ਹੀ ਟਿਕੀ ਹੋਈ ਸੀ। ਉਹਨੇ ਵੇਖਿਆ ਚਿੜੇ ਨਾਲ਼ ਇਕ ਹੋਰ ਚਿੜੀ ਆ ਕੇ ਰਹਿਣ ਲੱਗ ਪਈ ਹੈ... ਜਦੋਂ

ਪੰਜਾਬੀ ਲੋਕ ਗਾਥਾਵਾਂ/ 71