ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਦਾਗਰ ਨੂੰ ਬੁਲਾ ਕੇ ਚੰਦਰ ਬਦਨ ਦੀ ਸ਼ਾਦੀ ਬਸੰਤ ਨਾਲ਼ ਕਰ ਦਿੱਤੀ! ਐਨੀ ਖ਼ੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ। ਉਹਦੇ ਮਿਰਗਾਂ ਵਰਗੇ ਨੈਣਾਂ 'ਤੇ ਬਸੰਤ ਫ਼ਿਦਾ ਹੋ ਗਿਆ ਤੇ ਉਸ ਨੇ ਮਿਰਗ ਨੈਣੀਂ ਚੰਦਰ ਬਦਨ ਨੂੰ ਤਨੋ ਮਨੋਂ ਆਪਣਾ ਬਣਾ ਲਿਆ! ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ 'ਤੇ ਆ ਗਏ ਤੇ ਚੰਦਰ ਬਦਨ ਆਪਣੇ ਮਾਂ ਬਾਪ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ 'ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਮਿਸਰ ਵਲ ਨੂੰ ਪਰਤ ਰਿਹਾ ਸੀ। ਚੰਦਰ ਬਦਨ ਤੇ ਬਸੰਤ ਅਠਖੇਲੀਆਂ ਕਰਦੇ ਪਾਣੀ 'ਤੇ ਮੌਜ ਮਸਤੀ ਮਾਣਦੇ ਰਹੇ। ਇਕ ਦਿਨ ਸੁਦਾਗਰ ਨੇ ਵੇਖਿਆ ਚੰਦਰ ਬਦਨ ਕੱਲਮ ਕੱਲੀ ਮਸਤੁਲ ਕੋਲ਼ ਖੜੋਤੀ ਹੋਈ ਚੜ੍ਹਦੇ ਸੂਰਜ ਨੂੰ ਨਿਹਾਰ ਰਹੀ ਸੀ... ਚੜ੍ਹਦੇ ਸੂਰਜ ਦੀ ਲਾਲੀ 'ਚ ਭਿੱਜੀ ਚੰਦਰ ਬਦਨ ਉਹਨੂੰ ਘਾਇਲ ਕਰ ਗਈ। ਉਹ ਸੋਚਣ ਲੱਗਿਆ, "ਜੇ ਚੰਦਰ ਮੇਰੀ ਬਣ ਜਾਵੇ ਸਾਰੀ ਦੁਨੀਆਂ ਦੀ ਦੌਲਤ ਇਹਦੇ 'ਤੇ ਨਿਛਾਵਰ ਕਰ ਦਿਆਂ।" ਸੁਦਾਗਰ ਨੇ ਹਰ ਹੀਲੇ ਚੰਦਰ ਬਦਨ ਨੂੰ ਆਪਣੀ ਬਨਾਉਣ ਦਾ ਮਨੋ ਮਨੀ ਫੈਸਲਾ ਕਰ ਲਿਆ
ਚੰਦਰ ਬਦਨ ਤਾਂ ਸੁਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਣ ਕਰਦਾ ਸੀ।
ਜਦੋਂ ਮਨੁੱਖ ਦੇ ਅੰਦਰ ਬਦੀ ਉਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਣ ਭੁੱਲ ਜਾਂਦਾ ਹੈ। ਇਕ ਦਿਨ ਕੀ ਹੋਇਆ ਸੁਦਾਗਰ ਤੇ ਬਸੰਤ ਜਹਾਜ਼ ਦੇ ਤਖ਼ਤੇ 'ਤੇ ਖੜੋਤੇ ਹੋਏ ਸਨ ਕਿ ਸੁਮੰਦਰ ਵਿਚੋਂ ਪਾਣੀ ਦੀ ਛਲ ਆਈ ਤੇ ਸੁਦਾਗਰ ਨੇ ਇਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ਼ ਸਮੁੰਦਰ ਵਿਚ ਵਗਾਹ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿਚ ਡਿਗ ਕੇ ਡੁੱਬ ਗਿਆ ਹੈ ਤੇ ਨਾਲ਼ ਹੀ ਵਿਰਲਾਪ ਕਰਨ ਲੱਗਾ। ਚੰਦਰ ਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਤੇ ਉਹ ਬਸੰਤ ਦਾ ਨਾਂ ਲੈ ਲੈ ਕੇ ਬਹੁੜੀਆਂ ਪਾ ਰਹੀ ਸੀ। ਸੁਦਾਗਰ ਵੀ ਉਸ ਨੂੰ ਧਰਵਾਸਾ ਦੇਣ ਵਿਚ ਕੋਈ ਕਸਰ ਨਹੀਂ ਸੀ ਛੱਡ ਰਿਹਾ।
ਏਧਰ ਬਸੰਤ ਸੁਮੰਦਰ ਦੇ ਡੂੰਘੇ ਪਾਣੀਆਂ ਵਿਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇਕ ਅਜਿਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿਚ ਇਕ ਬੌਂਦਲਿਆ ਹੋਇਆ ਮਗਰਮੱਛ ਰੁੜ੍ਹਿਆ ਜਾ ਰਿਹਾ ਸੀ। ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮੱਛ ਨੂੰ ਜਾ ਜੱਫ਼ੀ ਪਾਈ ਤੇ ਮਜਬੂਤੀ ਨਾਲ਼ ਫੜ ਲਿਆ ਤੇ ਲਹਿਰਾਂ 'ਚ ਵਹਿੰਦਾ ਹੋਇਆ ਮਗਰਮੱਛ ਉਸ ਨੂੰ ਸਮੁੰਦਰ ਦੇ ਕੰਢੇ 'ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ। ਉਨ੍ਹਾਂ ਨੇ ਬਸੰਤ ਨੂੰ ਸਮੁੰਦਰ 'ਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਓਹੜ ਪੋਹੜ ਕਰਕੇ

ਪੰਜਾਬੀ ਲੋਕ ਗਾਥਾਵਾਂ/ 80