"ਆਗਿਆ ਹੈ! ਨਿਰਵਿਘਨ ਸੁਣਾਓ!" ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ।
ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਵੈਰਾਗਮਈ ਬੋਲਾਂ ਵਿਚ ਰੂਪ-ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਉਸ ਨੇ ਆਪਣੇ ਪਿੰਡੇ 'ਤੇ ਹੰਢਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿਚੋਂ ਵੈਰਾਗ ਦੇ ਅੱਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ। ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ ਕੋਤਵਾਲ, ਚੌਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਏ ਵਤੀਰੇ ਦਾ ਬ੍ਰਿਤਾਂਤ ਸੁਣਿਆਂ ਤਾਂ ਉਸ ਨੇ ਉਨ੍ਹਾਂ ਨੂੰ ਉਸੇ ਵਕਤ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾ ਦਿੱਤਾ।
ਕਥਾ ਸੁਣ ਰਹੇ ਸੁਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਛਿੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੁਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸੁਦਾਗਰ ਵਲੋਂ ਚੰਦਰ ਬਦਨ ਨੂੰ ਆਪਣੀ ਬਣਾਨ ਖ਼ਾਤਰ ਬਸੰਤ ਨੂੰ ਸਮੁੰਦਰ ਵਿਚ ਸੁੱਟਣ ਦਾ ਬਿਰਤਾਂਤ ਸੁਣਿਆਂ ਤਾਂ ਉਹ ਇਕਦਮ ਅੱਗ ਬਗੂਲਾ ਹੋ ਗਿਆ ਤੇ ਤੁਰੰਤ ਹੀ ਸੁਦਾਗਰ ਨੂੰ ਹੱਥਕੜੀਆਂ ਲਾਣ ਦੇ ਆਦੇਸ਼ ਦੇ ਦਿੱਤੇ।
ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਉਹ ਭੁੱਬਾਂ ਮਾਰ-ਮਾਰ ਕੇ ਰੋ ਰਿਹਾ ਸੀ।
"ਦਿਲ ਥੋੜ੍ਹਾ ਨਾ ਕਰ ਰਾਜਨ! ਬਸੰਤ ਡੁੱਬਿਆ ਨਹੀਂ! ਜਿਊਂਦਾ ਹੈ।" ਮਾਲਣ ਦੀ ਧੀ ਨੇ ਕਥਾ ਅਗਾਂਹ ਤੋਰੀ, "ਰਾਜਨ ਕੁਦਰਤ ਦੇ ਰੰਗ ਨਿਆਰੇ ਨੇ, ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਖ਼ੂਨੀ ਛੱਲਾਂ ਨਾਲ਼ ਘੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ। ਉਨ੍ਹਾਂ ਨੇ ਬੇਸੁਧ ਬਸੰਤ ਨੂੰ ਹੋਸ਼ ਵਿਚ ਲੈ ਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਭੇਸ ਵਿਚ ਤੁਹਾਨੂੰ ਕਥਾ ਸੁਣਾ ਰਿਹਾ ਹੈ।"
ਕਥਾ ਦਾ ਆਖ਼ਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇਕਦਮ ਉੱਠ ਖੜ੍ਹਾ ਹੋਇਆ ਤੇ ਦੌੜ ਕੇ ਬਸੰਤ ਨੂੰ ਧਾ ਗਲਵਕੜੀ ਪਾਈ! ਦੋਨੋਂ ਕਾਫੀ ਸਮਾਂ ਹਾਉਕੇ ਤੇ ਸਿਸਕੀਆਂ ਭਰਦੇ ਰਹੇ... ਸਾਰੇ ਰਾਜ ਦਰਬਾਰੀਆਂ ਦੀਆਂ ਅੱਖੀਆਂ ਵੀ ਨਮ ਸਨ।
ਚੰਦਰ ਬਦਨ ਨੂੰ ਵੀ ਹਰਮ ਵਿਚੋਂ ਬੁਲਾ ਲਿਆ ਗਿਆ। ਦੋਨੋਂ ਬਸੰਤ ਤੇ ਚੰਦਰ ਬਦਨ ਆਪੋ ਵਿਚ ਮਿਲ ਕੇ ਸਰਸ਼ਾਰ ਹੋ ਗਏ।
ਖ਼ੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ। ਰਾਜਧਾਨੀ ਵਿਚ ਦੀਪ ਮਾਲ਼ਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ।
ਪੰਜਾਬੀ ਲੋਕ ਗਾਥਾਵਾਂ/ 83