ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

ਕਰ ਤਾਂ ਜੋ ਤੇਰੇ ਨੌਕਰ ਵੀ ਓਸਦੇ ਹੁਕਮ ਮੰਨਣ, ਓਸ ਦੀਆਂ ਖਾਹਸ਼ਾਂ ਦਾ ਅਕਾਰਨ ਹੀ ਵਿਰੋਧ ਨਾਂ ਕਰ, ਓਹ ਤੇਰੇ ਦੁਖਾਂ ਦੀ ਹਿੱਸੇਦਾਰ ਅਤੇ ਤੇਰੇ ਭੇਤਾਂ ਦੀ ਮਹਿਰਮ ਹੈ, ਓਸਨੂੰ ਆਪਣੀਆਂ ਖੁਸ਼ੀਆਂ ਵਿਚੋਂ ਵੀ ਹਿੱਸਾ ਦੇਹ।

ਜੇ ਤੂੰ ਓਹਦੇ ਵਿਚ ਕੋਈ ਨੁਕਸ ਦੇਖਦਾ ਹੈਂ ਤਾਂ ਨਰਮੀ ਅਤੇ ਪਿਆਰ ਨਾਲ ਸਮਝਾ, ਧੱਕੇ ਅਤੇ ਸਖਤੀ ਨਾਲ ਉਸਨੂੰ ਆਪਣਾ ਕਿਹਾ ਮਨਵਾਉਣ ਵਾਸਤੇ ਤੰਗ ਨਾਂ ਕਰ, ਤੂੰ ਆਪਣੇ ਦਿਲ ਦੀਆਂ ਗੱਲਾਂ ਓਸਦੇ ਪਾਸੋਂ ਲੁਕਾ ਕੇ ਨਾਂ ਰੱਖ,ਓਹ ਤੇਰੀ ਸੱਚੀ ਵਜ਼ੀਰ ਅਤੇ ਆਗਜ਼ਾਕਾਰ ਸਲਾਹਕਾਰ ਹੈ,ਓਹਦੇ ਪਾਸੋਂ ਤੈਨੂੰ ਕੋਈ ਧੋਖਾ ਨਹੀਂ, ਤੂੰ ਓਹਦੇ ਨਾਲ ਪ੍ਰੇਮ ਤੋੜ ਕੇ ਜ਼ੁਲਮ ਨਾਂ ਕਰ ਅਤੇ ਦੂਜਿਆਂ ਦੀਆਂ ਨੂੰਹਾਂ ਧੀਆਂ ਵਲ ਨਾਂ ਤੱਕ, ਕਿਉਂਕਿ ਓਹ ਤੇਰੇ ਬੱਚਿਆਂ ਦੀ ਮਾਂ ਹੈ।

ਜੇ ਕਦੀ ਓਹ ਰੋਗਣ ਹੋਵੇ ਜਾਂ ਓਸਨੂੰ ਹੋਰ ਕਿਸੇ ਤਰਾਂ ਦਾ ਦੁਖ ਹੋਵੇ ਤਾਂ ਤੂੰ ਪਿਆਰ ਨਾਲ, ਓਸਦੀ ਪੀੜ ਨੂੰ ਦੂਰ ਕਰ। ਤੇਰੀ ਪ੍ਰੇਮ ਅਤੇ ਹਮਦਰਦੀ ਵਾਲੀ ਨਜ਼ਰ ਨਾਲ ਓਸਦੇ ਦੁਖ ਨੂੰ ਜੋ ਅਰਾਮ ਹੋਵੇਗਾ, ਓਸਦਾ ਅਸਰ ਦਸਾਂ ਹਕੀਮਾਂ ਦੇ ਵਧੀਆ ਤੋਂ ਵਧੀਆ ਨੁਸਖਿਆਂ ਨਾਲੋਂ ਵੀ ਵਧਕੇ ਹੋਵੇਗਾ |

ਏਹ ਵੀ ਯਾਦ ਰਖ ਕਿ ਤੇਰੀ ਇਸਤ੍ਰੀ ਕੋਮਲ ਦਿਲ ਵਾਲੀ ਹੈ, ਓਸਦਾ ਸਰੀਰ ਨਾਜ਼ਕ ਹੈ ਅਤੇ ਓਸਦੇ ਦਿਲ ਉਤੇ ਹਰੇਕ ਮੰਦੀ ਚੰਗੀ ਗੱਲ ਦਾ ਛੇਤੀ ਅਸਰ ਹੋ ਜਾਂਦਾ ਹੈ। ਓਸਦੀ ਕਮਜ਼ੋਰੀ ਨੂੰ ਸਹਾਰ, ਯਾਦ ਰਖ ਕਿ ਤੇਰੇ ਅੰਦਰ ਵੀ ਕਈ ਕਮਜ਼ੋਰੀਆਂ ਹਨ।