ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੯੫)
ਭਾਈ ਤਾਰੂ ਸਿੰਘ [ਸਿਰ ਨਿਵਾਕੇ]
ਸੁਣ ਸਿੱਖਾਂ ਦਾ ਹਾਲ ਮੰਦੇਰਾ,
ਗੁਰ ਜੀ ਹੋਇਆ ਦੁੱਖ ਵਡੇਰਾ।
ਮੈਂ ਹਾਂ ਕੁੱਛ, ਨੀਚ ਤੇ ਹੀਨਾ,
ਸੁਆਰ ਸਕੇ ਕੀ ਇਕ ਕਮੀਨਾ?
ਫਿਰ ਵੀ ਜੋਸ਼ ਉਮਡਿਆ ਆਵੇ,
ਨੇਤਰ ਨੀਰ ਨਾਂ ਠਲਿਆ ਜਾਵੇ।
ਮੈਂ ਸੀ ਸਿਰ ਕੁਰਬਾਨ ਕਰਾਇਆ,
ਨਾਲ ਰੰਬੀਆਂ ਸੀਸ ਛਲਾਇਆ,
ਚਰਖੀ ਚੜ੍ਹ ਕੇ ਖੱਲ ਲੁਹਾਈ,
ਚਰਬੀ ਬਾਹਰ ਨਿਕਲ ਸੀ ਆਈ।
ਜੇ ਹੁਣ ਲੋੜ ਪਈ ਹੈ ਆਨ,
ਹੁਕਮ ਦਿਓ, ਹੋਵਾਂ ਕੁਰਬਾਨ।
ਵਾਰ, ਵਾਰ, ਸਿਰ ਕਦੀ ਨਾਂ ਥੱਕਾਂ,
ਪੀੜ ਪੰਥ ਦੀ ਦੇਖ ਨ ਸੱਕਾਂ।
ਬਾਬਾ ਦੀਪ ਸਿੰਘ {ਹਥ ਜੋੜ ਕੇ ਗਰਜਵੀਂ ਅਵਾਜ਼ ਨਾਲ]
ਬੀਰ ਪੰਥ ਦੀ ਦਸ਼ਾ ਦਾ ਸੁਣ ਭੈੜਾ ਅਹਿਵਾਲ।
ਦੀਨ ਦਿਆਲ ਸਤਗੁਰੂ ਜੀ! ਹੋਇਆ ਦੁਖ ਵਿਸਾਲ।
ਮੇਰਾ ਦਿਲ ਹੈ ਕੰਬਿਆ, ਪੰਥ ਖਾਲਸਾ ਬੀਰ,
ਸਿਦਕ, ਸਿੱਖੀਓਂ ਖਿਸਕ ਕੇ ਹੋਇਆ ਸ਼ੋਕ! ਅਧੀਰ।
ਹੋਇਆ ਸ਼ੋਕ! ਅਧੀਰ, ਦਾਸ ਨੇ ਸਿੱਖੀ ਝੰਡਾ,
ਸੀਸ ਕਟਾ, ਫੜ ਹੱਥ, ਦੂਸਰੇ ਹੱਥ' ਚ ਖੰਡਾ।
ਸੀਗ ਝੂਲਾਇਆ ਜੱਗ ਗੁਰੂ! ਏਹ ਬਲ ਸੀ ਤੋਰਾ,
'ਮੈਂ ਨਹੀਂ ਕਿਛ ਹਉਂ ਨਹੀਂ ਕਿਛੁ ਆਹਿ ਨ ਮੋਰਾ।'