ਪੰਨਾ:ਜੀਵਨ ਲਹਿਰਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲੇ ਤੱਤੇ ਵਿਛੋੜੇ ਦੇ ਤਾ ਖਾ ਖਾ,
ਨਿਤ ਦੀਦਿਆਂ ਨੂੰ ਰੋ ਰੇ ਗਾਲਣਾ ਏਂ।
ਮੈਂ ਉਹ ਕੋਇਲ ਹਾਂ ਜਿਸ ਨੂੰ ਪਤਾ ਹੀ ਨਹੀਂ,
ਕਿਥੇ ਮੈਂ ਹਾਂ ਤੇ ਕਿਥੇ ਆਲ੍ਹਣਾ ਏਂ।

ਕਮਲੀ ਮਤਲਬੀ ਕਮਲਿਆ ਕਰ ਗਿਉਂ ਵੇ,
ਅਲ੍ਹੜ ਪੁਣੇ ਵਿਚ ਮੈਂ ਇਞਾਣ ਭੁਲ ਗਈ।
ਐਸਾ ਗ਼ਮਾਂ ਨੇ ਰੰਗ ਬਦ-ਰੰਗ ਕੀਤਾ,
ਮੇਰੀ ਮੌਤ ਨੂੰ ਮੇਰੀ ਪਛਾਣ ਭੁਲ ਗਈ।

ਨਦੀ ਵਾਂਙ ਮੈਂ ਤੇ ਪਿਛਾਂ ਪਰਤਣੋਂ ਰਹੀ,
ਓੜਕ ਕਢਣੇ ਪੈਣਗੇ ਰਾਹ ਤੈਨੂੰ।
ਮੇਰਾ ਦਿਲ ਕੋਈ ਮਰਦ ਦਾ ਦਿਲ ਤਾਂ ਨਹੀਂ,
ਕੀ ਹੋਇਆ ਜੇ ਰਹੀ ਨਹੀਂ ਚਾਹ ਤੈਨੂੰ?
ਸੁਫਨੇ ਵਿਚ ਵੀ ਮੈਂ ਆਪਣੇ ਦਿਲ ਵਿਚੋਂ,
ਜਾਣ ਦਿਆਂਗੀ ਨਾ ਲਗਦੀ ਵਾਹ ਤੈਨੂੰ।
ਜੇ ਮੈਂ ਮਰ ਗਈ ਤਾਂ ਲਭਦੀ ਫਿਰੂ 'ਬੇਕਲ',
ਮੇਰੀ ਮੜ੍ਹੀ ਦੀ ਮਾਹੀਆ ਸੁਆਹ ਤੈਨੂੰ।

ਮੈਨੂੰ ਜੜੇ ਜ਼ਮਾਨੇ ਨਾਲ ਕੀ ਲੱਗੇ?
ਮੇਰੇ ਲਈ ਬਸ ਮੇਰਾ ਜ਼ਮਾਨਾ ਏਂ ਤੂੰ।
ਪ੍ਰੀਤਮ ਵਸਦਾ ਏ ਪ੍ਰੀਤਮ ਵਿਚ ਤੇਰੇ,
ਪ੍ਰੀਤਮ ਮਿਲਣ ਦਾ ਇਕੋ ਬਹਾਨਾ ਏਂ ਤੂੰ।

੪੦