ਪੰਨਾ:ਜੀਵਨ ਲਹਿਰਾਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਵਿਛੜਾ

ਪ੍ਰੀਤਮ! ਤੇਰੇ ਵਿਛੋੜੇ 'ਚ ਸਹੁੰ ਤੇਰੀ,
ਰਿਹਾ ਕੋਈ ਵੀ ਜੀਉਣ ਦਾ ਹੱਜ ਨਾਹੀਂ।
ਜੇ ਮੈਂ ਠਿੱਲ੍ਹੀ ਹਾਂ ਪ੍ਰੇਮ-ਝਨਾਂ ਅੰਦਰ,
ਪਾ ਕਚਿਆ, ਕੱਚ ਦੇ ਪੱਜ ਨਾਹੀਂ।
ਜੇ ਨਹੀਂ ਦਿਲ ਦੀ ਖੇਤੀ ਤੇ ਵਰ੍ਹਣ ਜੋਗਾ,
ਫੋਕੇ ਬੱਦਲਾਂ ਦੇ ਵਾਂਙ ਗੱਜ ਨਾਹੀਂ।
ਜਾਂ ਤੇ ਮੰਨਣ ਦੇ ਵੱਲ ਨੂੰ ਜਾਣਦਾ ਨਹੀਂ,
ਜਾਂ ਮਨਾਉਣ ਦੇ ਮੈਨੂੰ ਹੀ ਚੱਜ ਨਾਹੀਂ।

ਮੈਂ ਤੇ ਮਾਂਦੀ ਹਾਂ, ਮੇਰੀ ਕੀ ਗਲ ਕਰਨੀ?
ਮੇਰੀਆਂ ਸੱਧਰਾਂ ਵੀ ਪਈਆਂ ਮਾਂਦੀਆਂ ਨੇ।
ਜਿਹੜੀਆਂ ਲਿਟਾਂ ਨੂੰ ਨਾਗਨਾਂ ਆਖਦਾ ਸੈਂ,
ਓਹੋ ਅਜ ਮੈਨੂੰ ਵੱਢ ਵੱਢ ਖਾਂਦੀਆਂ ਨੇ।

ਦੇ ਦੇ ਸਾਫ ਜਵਾਬ, ਜਵਾਬ ਦੇ ਕੇ,
ਆਲੇ ਟੋਲਿਆਂ ਵਿਚ ਜੋ ਟਾਲਨਾ ਏਂ।
ਨਹੀਂ ਸੀ ਪਤਾ ਪਰਦੇਸੀਂ ਥੀਂ ਨਿਹੁੰ ਲਾਉਣਾ,
ਨਿਰਾ ਆਪਣੇ ਹੱਡਾਂ ਨੂੰ ਬਾਲਣਾ ਏਂ।

੩੯