ਪੰਨਾ:ਟੈਕਸੀਨਾਮਾ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਤੋਂ ਬਾਅਦ ਆਟੋ ਮਕੈਨਿਕ ਦਾ ਕੋਰਸ ਕੀਤਾ ਅਤੇ ਫਿਰ ਲੱਕੜ ਮਿੱਲ ਵਿੱਚ ਕੰਮ ਕਰਨ ਲੱਗਾ। ਉਸ ਨੇ ਟੈਕਸੀ ਦਾ ਕੰਮ ਵੀਕਐਂਡ ’ਤੇ ਪਾਰਟ ਟਾਈਮ ਟੈਕਸੀ ਚਲਾਉਣ ਨਾਲ ਸ਼ੁਰੂ ਕੀਤਾ। ਉਸ ਨੂੰ ਇਹ ਕੰਮ ਭਾਅ ਗਿਆ ਤੇ ਉਹ ਪੱਕਾ ਹੀ ਟੈਕਸੀ ਚਲਾਉਣ ਲੱਗ ਪਿਆ। 1988 ਵਿੱਚ ਉਹ ਇਸ ਕਿੱਤੇ ਵਿੱਚੋਂ ਹੀ ਰੀਟਾਇਰ ਹੋਇਆ। ਅਜੀਤ ਸਿੰਘ ਥਾਂਦੀ ਤੋਂ ਬਾਅਦ ਸੱਠਵਿਆਂ ਵਿੱਚ ਇੱਕੜ-ਦੁੱਕੜ ਹੋਰ ਪੰਜਾਬੀ ਵੀ ਇਸ ਕਿੱਤੇ ਵਿੱਚ ਆਏ। ਸੱਤਰਵਿਆਂ ਵਿੱਚ, ਜਦੋਂ ਕਨੇਡਾ ਦੀ ਪ੍ਰਵਾਸੀਆਂ ਲਈ ਨੀਤੀ ਵਿੱਚ ਬਦਲਾਅ ਹੋਇਆ ਤਾਂ ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਵੈਕਨਵਰ ਆਉਣ ਲੱਗੇ। ਇਹ ਲੋਕ ਪਹਿਲਾਂ ਆਏ ਪੰਜਾਬੀਆਂ ਦੀ ਬਨਿਸਬਤ ਵਧੇਰੇ ਪੜ੍ਹੇ-ਲਿਖੇ ਸਨ। ਉਹ ਅੰਗ੍ਰੇਜ਼ੀ ਬੋਲ-ਸਮਝ ਸਕਦੇ ਸਨ। ਹੋਰ ਭਾਰੇ ਕੰਮਾਂ ਵਾਲੀ ਮਜ਼ਦੂਰੀ ਨਾਲੋਂ ਉਨ੍ਹਾਂ ਨੇ ਟੈਕਸੀ ਦੇ ਕਿੱਤੇ ਨੂੰ ਪਹਿਲ ਦਿੱਤੀ। ਅੱਸੀਵਿਆਂ ਵਿੱਚ ਪੰਜਾਬੀਆਂ ਦੀ ਤਦਾਦ ਵਧ ਗਈ। ਉਹ ਕਮਿਸ਼ਨ ਅਤੇ ਠੇਕੇ 'ਤੇ ਟੈਕਸੀ ਚਲਾਉਣ ਨਾਲੋਂ ਆਪਣੀ ਟੈਕਸੀ ਖ੍ਰੀਦਣ ਨੂੰ ਤਰਜੀਹ ਦਿੰਦੇ ਸਨ। ਟੈਕਸੀਆਂ ਦੇ ਭਾਅ ਵਧ ਗਏ। ਇਟਾਲੀਅਨ ਅਤੇ ਗਰੀਕ ਮੂਲ ਦੇ ਲੋਕਾਂ ਨੇ ਟੈਕਸੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਜਿੱਥੇ ਪਹਿਲਾਂ ਇੱਕ ਜਣੇ ਕੋਲ ਕਈ-ਕਈ ਟੈਕਸੀਆਂ ਹੁੰਦੀਆਂ ਸਨ, ਉੱਥੇ ਇੱਕੋ ਟੈਕਸੀ ਦੇ ਦੋ-ਦੋ ਮਾਲਕ ਬਨਣੇ ਸ਼ੁਰੂ ਹੋ ਗਏ। ਕਨੇਡਾ ਵਿੱਚ ਹਾਲੇ ਵੀ ਪੰਜਾਬੀਆਂ ਦਾ ਪ੍ਰਵਾਸ ਜ਼ੋਰਾਂ 'ਤੇ ਹੈ ਅਤੇ ਟੈਕਸੀ ਦੇ ਕਿੱਤੇ ਵਿੱਚ ਵੀ ਉਨ੍ਹਾਂ ਦੀ ਬਹੁਤਾਤ ਹੈ। ਪੰਜਾਬੀਆਂ ਦੀ ਦੂਜੀ ਪੀੜ੍ਹੀ ਇਸ ਕਿੱਤੇ ਵੱਲ ਨਹੀਂ ਆ ਰਹੀ। ਪਿਛਲੇ ਕੁਝ ਸਾਲਾਂ ਤੋਂ ਇਰਾਨੀ ਮੂਲ ਦੇ ਪ੍ਰਵਾਸੀ ਇਸ ਕਿੱਤੇ ਵੱਲ ਆਉਣੇ ਸ਼ੁਰੂ ਹੋ ਗਏ ਹਨ।

ਆਓ ਮੈਟਰੋ ਵੈਨਕੂਵਰ ਦੀਆਂ ਟੈਕਸੀ ਕੰਪਨੀਆਂ ਬਾਰੇ ਵੀ ਸੰਖੇਪ ਵਿੱਚ ਜਾਣ ਲਈਏ। ਅੱਜ ਸੰਨ 2010 ਵਿੱਚ ਮੈਟਰੋ ਵੈਨਕੂਵਰ ਵਿੱਚ ਹੇਠ ਦਿੱਤੀਆਂ ਟੈਕਸੀ ਕੰਪਨੀਆਂ ਸੇਵਾਵਾਂ ਦੇ ਰਹੀਆਂ ਹਨ:

ਯੈਲੋ ਕੈਬ ਕੰਪਨੀ: ਇਹ ਟੈਕਸੀ ਕੰਪਨੀ ਵੈਨਕੂਵਰ ਦੇ ਇਲਾਕੇ ਵਿੱਚ 1921 ਤੋਂ ਇਸ ਨਾਂ ਹੇਠ ਸੇਵਾਵਾਂ ਦੇ ਰਹੀ ਹੈ। ਇਸ ਕੰਪਨੀ ਦੇ 260 ਹਿੱਸੇਦਾਰ ਹਨ ਅਤੇ ਇਸ ਕੋਲ 249 ਟੈਕਸੀਆਂ ਹਨ। ਇਸ ਕੰਪਨੀ ਦਾ ਕਾਰਜ- ਖੇਤਰ ਵੈਨਕੂਵਰ ਸ਼ਹਿਰ ਹੈ।

ਬਲੈਕ ਟੌਪ: ਬਲੈਕ ਟੌਪ ਕੰਪਨੀ 1947 ਵਿੱਚ ਹੋਂਦ 'ਚ ਆਈ। ਇਸ ਕੰਪਨੀ ਕੋਲ 197 ਟੈਕਸੀਆਂ

102/ ਟੈਕਸੀਨਾਮਾ