ਪੰਨਾ:ਟੈਕਸੀਨਾਮਾ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਬੈਠੋ ਸਾਲਾ ਮੁਸ਼ਕ ਮਾਰਦੈ। ਦਿਨਾਂ 'ਚ ਇੰਜਣ ਬਠਾ ਕੇ ਰੱਖਤਾ।”

“ਕੀਹਦੇ ਆਲ਼ੀ ਟੈਕਸੀ ਚਲਾਉਂਦਾ ਸੀ?”

“ਘੋੜੇ ਦੀ।”

“ਓਹੀ ਐ ਨਾ ਘੋੜਾ ਜਿਹੜਾ ਕਹਿੰਦੇ ਘੋੜੇ ਆਂਗੂ ਟਪੂਸੀ ਮਾਰ ਕੇ ਇੱਕ ਜ਼ੋਨ 'ਚੋਂ ਦੂਜੇ ਜ਼ੋਨ 'ਚ ਜਾਣ ਨੂੰ ਮਿੰਟ ਈ ਲਾਉਂਦੈ। ਬਲੂਅ ਸੈਵਨ ਆਲਾ?”

“ਹੋਰ ਕਿਹੜਾ। ਏਸੇ ਕਰਕੇ ਤੈਨੂੰ ਕਹਿੰਨੈ ਬਈ ਪੱਕੀ ਚਲਾਉਣ ਲੱਗ ਜਾ, ਸਾਰਿਆਂ ਨੂੰ ਜਾਨਣ ਲੱਗ ਪਵੇਂਗਾ।” ਧੌਲ਼ਾ ਸਾਹਬ ਮੈਨੂੰ ਕਈ ਵਾਰ ਆਖ ਚੁੱਕੇ ਸਨ ਕਿ ਮੈਂ ਮਸ਼ੀਨ ਸ਼ਾਪ ’ਚੋਂ ਕੰਮ ਛੱਡ ਕੇ ਫੁੱਲ-ਟਾਈਮ ਟੈਕਸੀ ਚਲਾਉਣ ਲੱਗ ਜਾਵਾਂ ਪਰ ਮੈਂ ਟੈਕਸੀ ਚਲਾਉਣ ਦੇ ਕੰਮ ਨੂੰ ਸ਼ਨਿੱਚਰਵਾਰ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਸੀ। ਇਸ ਕਰ ਕੇ ਪਹਿਲਾਂ ਵਾਂਗ ਹੀ ਮੈਂ ਗੱਲ ਨੂੰ ਹੋਰ ਪਾਸੇ ਪਾਉਣ ਲਈ ਪੁੱਛ ਲਿਆ, “ਕਿਵੇਂ ਇੰਜਣ ਬਿਠਾਤਾ ਓਹਨੇ?”

“ਤੇਲ ਨੀ ਸੀ ਚੈੱਕ ਕਰਦਾ । ਬਿਨ੍ਹਾਂ ਤੇਲ ਤੋਂ ਹੀ ਦੱਬੀ ਫਿਰਦਾ ਰਿਹਾ। ਜਦੋਂ ਘੋੜੇ ਨੇ ਪੁੱਛਿਆ ਬਈ ਤੇਲ ਕਾਹਤੋਂ ਨੀ ਸੀ ਚੈੱਕ ਕਰਦਾ ਤਾਂ ਅੱਗੋਂ ਕਹਿੰਦਾ ਬਈ ਕਿਸ਼ਤੀ ਜੀ ਦਾ ਸਾਈਨ ਤਾਂ ਆਇਆ ਨੀ, ਮੈਂ ਕਿਹਾ ਠੀਕ ਈ ਹੋਊ।”

“ਕਿਹੜੀ ਕਿਸ਼ਤੀ?”

“ਓਹੀ ਯਾਰ ਜਿਹੜਾ ਇੰਜਣ-ਆਇਲ ਦੇ ਘਟੇ ਤੋਂ ਸਾਈਨ ਜਿਹਾ ਨੀ ਆਉਂਦਾ ਹੁੰਦਾ।”

“ਓ ਅੱਛਾ-ਅੱਛਾ, ਤਾਂ ਹੀ ਤੁਸੀਂ ਓਹਨੂੰ ਕਿਸ਼ਤਾ ਮੱਲ ਕਿਹਾ ਸੀ," ਮੈਂ ਹੱਸ ਕੇ ਕਿਹਾ।

“ਤੈਨੂੰ ਆਉਂਦੈ ਹਾਸਾ, ਘੋੜੇ ਨੂੰ ਪੁੱਛ ਕੇ ਵੇਖ, ਜੀਹਨੂੰ ਥੁੱਕ ਲੱਗੈ। ਹੁਣੇ ਤੇਰੇ ਮੂਹਰੇ-ਮੂਹਰੇ ਰੋਂਦਾ ਗਿਐ।”

ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਹੀ ਰਹੇ ਸੀ ਕਿ ਡਿਸਪੈਚ ਰੇਡੀਓ ’ਤੇ ਕਿਸੇ ਡਰਾਈਵਰ ਦੀ ਚੀਕਵੀਂ ਜਿਹੀ ਆਵਾਜ਼ ਸੁਣਾਈ ਦਿੱਤੀ। ਅਸੀਂ ਗੱਲਾਂ ਕਰਨੀਆਂ ਰੋਕ ਕੇ ਰੇਡੀਓ ਸੁਨਣ ਲੱਗੇ। ਡਰਾਈਵਰ ਆਖ ਰਿਹਾ ਸੀ, “ਮਾਈ ਟਾਇਰ ਪੰਚਰ, ਆਈ ਐਮ ਆਨ ਪਟਰੌਲ ਪੰਪ, ਨੋ ਸਟਿੱਪਨੀ ਐਂਡ ਟਾਇਰਪਾਨਾ ਇਨ ਡਿੱਕੀ----

ਅਸੀਂ ਦੋਹੇਂ ਹੀ ਹੱਸ ਪਏ। ਮੈਨੂੰ ਇੰਡੀਆ ਤੋਂ ਆਏ ਨੂੰ ਹਾਲੇ ਥੋੜ੍ਹਾ ਸਮਾਂ ਹੋਇਆ ਹੋਣ ਕਰ ਕੇ ਇਹ ਨਾਂ ਓਪਰੇ ਤਾਂ ਲੱਗੇ ਪਰ ਬਹੁਤੇ ਨਾ। ਇੱਥੇ ਟਾਇਰ ਪੈਂਚਰ ਦੀ ਥਾਂ ਫਲੈਟ ਟਾਇਰ ਆਖਦੇ ਹਨ, ਪੈਟਰੌਲ ਪੰਪ ਦੀ ਥਾਂ ਗੈਸ ਸਟੇਸ਼ਨ ਲਫ਼ਜ਼ ਵਰਤਦੇ ਹਨ, ਟਾਇਰਪਾਨਾ ਨੂੰ ਰੈਂਚ ਆਖਿਆ ਜਾਂਦਾ ਹੈ ਤੇ ਡਿੱਕੀ ਨੂੰ ਟਰੰਕ। ਡਰਾਈਵਰ ਵੱਲੋਂ ਪੰਜਾਬੀ ਲਹਿਜ਼ੇ ਵਿੱਚ ਘੋਟ-ਘੋਟ ਕੇ ਬੋਲੀ ਜਾਂਦੀ ਅੰਗ੍ਰੇਜ਼ੀ ਸੁਣ ਕੇ ਧੌਲ਼ਾ ਸਾਹਬ ਦਾ ਹਾਸਾ ਰੁਕਣ 'ਚ ਨਾ ਆਵੇ। ਫਿਰ ਉਨ੍ਹਾਂ ਨੇ ਆਪਣਾ ਹਾਸਾ ਰੋਕ ਕੇ ਕਿਹਾ,“ਇਹ ਤਾਂ ਸੱਜਰਾ ਈ ਜਾਜ੍ਹ 'ਚੋਂ ਉੱਤਰਿਐ,”ਟੈਕਸੀਨਾਮਾ/11