ਪੰਨਾ:ਟੈਕਸੀਨਾਮਾ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਇਹ ਭਾੜੇ ਸਰਕਾਰ ਵੱਲੋਂ ਸੈੱਟ ਕੀਤੇ ਹੋਏ ਐ। ਮੈਂ ਤੁਹਾਡੇ ਸਾਹਮਣੇ ਮੀਟਰ ਚਲਾਇਐ।”

“ਬਕਵਾਸ ਨਾ ਕਰ ਤੇ ਸਿੱਧਾ ਹੋ ਕੇ ਟੈਕਸੀ ਨੂੰ ਤੇਜ਼ ਚਲਾ,ਅਸੀਂ ਮੂਰਖ ਨਹੀਂ,” ਗੰਜਾ ਬੋਲਿਆ।

“ਤੁਸੀਂ ਸਾਰੇ ਹੀ ਹਰਾਮੀ ਹੁੰਨੇ ਆ," ਗੋਟੀ ਵਾਲਾ ਬੋਲਿਆ।

“ਤੁਸੀਂ ਤੋਂ ਤੇਰਾ ਕੀ ਮਤਲਬ ਐ” ਮੈਂ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖ ਕੇ ਕਿਹਾ। ਮੇਰਾ ਅੰਦਰ ਰਿੱਝਣ ਲੱਗਾ।

“ਜਵਾਬ ਬੋਲ ਕੇ ਦੱਸਾਂ ਜਾਂ ਘਸੁੰਨ ਨਾਲ, ਗੰਜਾ ਬੋਲਿਆ।

“ਤੁਸੀਂ ਈਸਟ ਇੰਡੀਅਨ। ਹੋਰ ਕੌਣ! ਹੁਣ ਆਪਣਾ ਮੂੰਹ ਬੰਦ ਰੱਖ ਸੜਕ ਵੱਲ ਧਿਆਨ ਕਰਕੇ ਟੈਕਸੀ ਚਲਾ,” ਗੋਟੀ ਵਾਲਾ ਬੋਲਿਆ। ਉਸ ਦੀ ਅੱਖ ਸੁੱਜੀ ਹੋਈ ਸੀ। ਜਿਵੇਂ ਕਿਸੇ ਨੇ ਸੱਜਰਾ ਹੀ ਘਸੁੰਨ ਉਸ ਦੇ ਜੜਿਆ ਹੋਵੇ। ਉਸ ਦਾ ਭਾਰਾ ਚੇਹਰਾ ਮੈਨੂੰ ਬਹੁਤ ਭਿਆਨਕ ਲੱਗਾ। ਭਰੇ-ਪੀਤੇ ਨੇ ਮੈਂ ਉਸ ਵੱਲੋਂ ਆਪਣਾ ਧਿਆਨ ਹਟਾ ਕੇ ਸੜਕ ਵਲ ਕਰ ਲਿਆ। ਫਿਰ ਸ਼ੀਸ਼ੇ ਰਾਹੀਂ ਗੰਜੇ ਵੱਲ ਵੇਖਿਆ। ਉਹ ਆਪਣੀ ਠੋਡੀ ਖੁਰਕ ਰਿਹਾ ਸੀ। ਉਸ ਦੇ ਭਾਰੀ ਭਰਕਮ ਪੰਜੇ 'ਤੇ ਮੇਰੀ ਨਿਗ੍ਹਾ ਪਈ, ਜਿਸ ਦੀਆਂ ਚਾਰ ਉਂਗਲਾਂ ਵਿੱਚ ਉੱਭਰਵੇਂ ਨਗਾਂ ਵਾਲੀਆਂ ਛਾਪਾਂ ਸਨ। ਮੇਰੇ ਅੰਦਰ ਝੁਣਝੁਣੀ ਉੱਠੀ। ਉਨ੍ਹਾਂ ਨੇ ਸਿਗਰਟਾਂ ਸੁਲਗਾ ਲਈਆਂ। ਸਿਗਰਟਾਂ ਦੇ ਧੂੰਏ ਨਾਲ ਮੇਰਾ ਸਿਰ ਦੁਖਣ ਲਗ ਜਾਂਦਾ ਹੈ ਇਸ ਕਰਕੇ ਮੈਂ ਆਪਣੀ ਟੈਕਸੀ ਵਿਚ ਸਿਗਰਟ ਪੀਣ ਵਾਲਿਆਂ ਨੂੰ ਹਲੀਮੀ ਨਾਲ ਸਿਗਰਟ ਨਾ ਪੀਣ ਲਈ ਆਖ ਦਿੰਦਾ ਹਾਂ ਪਰ ਇਨ੍ਹਾਂ ਨੂੰ ਆਖ ਨਾ ਸਕਿਆ। “ਕੋਈ ਰੇਡੀਓ- ਰੂਡੀਓ ਹੈਗਾ ਤੇਰੇ ਇਸ ਛਕੜੇ 'ਚ,” ਉਨ੍ਹਾਂ 'ਚੋਂ ਇਕ ਗਰਜਿਆ। ਮੈਂ ਰੇਡੀਓ ਚਲਾ ਦਿੱਤਾ। “ਉੱਚੀ”। ਮੈਂ ਆਵਾਜ਼ ਉੱਚੀ ਕਰ ਦਿੱਤੀ। ਇੱਕ ਨੇ ਖੰਘਾਰਕੇ ਬਾਹਰ ਥੁੱਕਿਆ। ਉਸਦਾ ਅੱਧਾ ਥੁੱਕ ਸ਼ੀਸੇ ਨਾਲ ਲੱਗ ਗਿਆ। ਮੈਨੂੰ ਕਚਿਆਣ ਆਈ। ਸਿਗਰਟ ਦਾ ਧੂੰਆਂ ਹੋਰ ਹੀ ਤਰ੍ਹਾਂ ਦਾ ਸੀ। ਸਾਹ ਘੁੱਟਵਾਂ। ਰੇਡੀਓ ਦੀ ਉੱਚੀ ਆਵਾਜ਼ ਦਾ ਸ਼ੋਰ, ਸਿਗਰਟ ਦੇ ਧੂੰਏਂ ਦਾ ਸੁੰਘੱਟ, ਕਚਿਆਣ ਤੇ ਡਰ ਕਾਰਣ ਮੇਰਾ ਚਿੱਤ ਕਾਹਲਾ ਪੈਣ ਲੱਗਾ। ਕਿੰਗਜ਼ਵੇਅ ਤੇ ਐਡਮੰਡਜ਼ ’ਤੇ ਟਰੈਫਿਕ ਦੀ ਬੱਤੀ ਲਾਲ ਸੀ। ਮੈਂ ਟੈਕਸੀ ਰੋਕਣ ਲਈ ਹੌਲੀ ਕਰ ਲਈ। “ਕੱਢਦੇ-ਕੱਢਦੇ, ਹੈਨੀ ਕੋਈ ਆਸੇ-ਪਾਸੇ,' ਮਗਰਲੀ ਸੀਟ ਤੋਂ ਆਵਾਜ਼ ਆਈ। ਮੇਰਾ ਜੀਅ ਕੀਤਾ ਕਿ ਟੈਕਸੀ ਰੋਕ ਕੇ ਟੈਕਸੀ ਵਿਚੋਂ ਬਾਹਰ ਨਿਕਲ ਜਾਵਾਂ। ਪਰ ਬੱਤੀ ਹਰੀ ਹੋ ਗਈ ਅਤੇ ਮੈਂ ਟੈਕਸੀ ਦੀ ਸਪੀਡ ਵਧਾ ਦਿੱਤੀ। ਤੁਸੀਂ ਨਿਊਵੈਸਟ ਕਿੱਥੇ ਜਾਣਾ ਹੈ," ਮੈਂ ਡਰਦੇ ਡਰਦੇ ਪੁੱਛਿਆ।

“ਬਹੁਤੇ ਸਵਾਲ ਨਾ ਕਰ ਤੇ ਟੈਕਸੀ ਨੂੰ ਦੱਬੀ ਚੱਲ।”

“ਮੈਨੂੰ ਪਤਾ ਤਾਂ ਹੋਣਾ ਚਾਹੀਦੈ ਕਿ ਤੁਸੀਂ ਕਿੱਥੇ ਜਾਣੈ।”

“ਜੇ ਤੂੰ ਦੁਬਾਰਾ ਪੁੱਛਿਆ ਤਾਂ ਘਸੁੰਨ ਮਾਰਕੇ ਸਿਰ ਫੇਹ ਦੇਊਂ।”

14/ਟੈਕਸੀਨਾਮਾ