ਪੰਨਾ:ਟੈਕਸੀਨਾਮਾ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਦੀਆਂ ਉਂਗਲਾਂ ਵਿਚ ਪਾਈਆਂ ਛਾਪਾਂ ਯਾਦ ਕਰਕੇ ਮੈਂ ਡਰ ਨਾਲ ਕੰਬ ਗਿਆ। 'ਅੱਜ ਤਾਂ ਗਏ,' ਮੇਰੇ ਚਿੱਤ 'ਚ ਆਈ। ਮੈਨੂੰ ਤ੍ਰੇਲੀ ਆ ਗਈ। ਮੈਂ ਪੈਰ ਨਾਲ ਆਮ ਤੌਰ 'ਤੇ ਬਰੇਕਾਂ ਦੇ ਨੇੜੇ ਲੱਗੀ ਐਮਰਜੈਂਸੀ ਸਵਿੱਚ ਟਟੋਲੀ। ਪਰ ਇਸ ਟੈਕਸੀ ਵਿਚ ਨਹੀਂ ਸੀ ਲੱਗੀ ਹੋਈ।

“ਅੱਠ ਐਵੀਨਿਊ ਤੋਂ ਖੱਬੇ।” ਟੈਕਸੀ ਦੇ ਬੱਤੀਆਂ ਦੇ ਨੇੜੇ ਪਹੁੰਚਦਿਆਂ ਉਨ੍ਹਾਂ 'ਚੋਂ ਇੱਕ ਨੇ ਕਿਹਾ। ਮੈਂ ਝੱਟ ਬੱਤੀਆਂ ਤੇ ਖੱਬੇ ਕੱਟ ਦਿੱਤੀ। ਸ਼ੁਕਰ ਸੀ ਕਿ ਉਹ ਅੱਠ ਐਵੀਨਿਊ ਹੀ ਸੀ। ਮੋੜ ਕੱਟਣ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਉਸ ਨੇ ਇਨ੍ਹਾਂ ਬੱਤੀਆਂ ਤੋਂ ਹੀ ਮੋੜ ਕੱਟਣ ਨੂੰ ਕਿਹਾ ਸੀ ਜਾਂ ਅਗਲੀਆਂ ਤੋਂ। ਮੈਂ ਤਾਂ ਝੱਟ ਪਟ ਹੁਕਮ ਦਾ ਪਾਲਣ ਕੀਤਾ ਸੀ। ਡਰ ਸੀ ਕਿ ਜੇ ਨਾ ਕਰਦਾ ਤਾਂ ਪਿੱਛੋਂ ਘਸੁੰਨ ਵੱਜੇਗਾ। ਹੋ ਸਕਦਾ ਹੈ ਕਿ ਇਸ ਤੋਂ ਅਗਾਂਹ ਵਾਲੀਆਂ ਬੱਤੀਆਂ ਹੁੰਦੀਆਂ ਅੱਠ ਐਵੀਨਿਊ ਦੀਆਂ। ਪਰ ਘਸੁੰਨ, ਜਿਹੜਾ ਰੱਬ ਤੋਂ ਕਿਤੇ ਨੇੜੇ ਸੀ, ਦਾ ਡਰ ਛੇਤੀ ਹੁਕਮ ਦਾ ਪਾਲਣ ਕਰਨ ਲਈ ਆਖ ਰਿਹਾ ਸੀ। “ਸੱਜੇ ਮੋੜ।” ਤੇ ਮੈਂ ਝੱਟ ਸੱਜੇ ਕੱਟ ਦਿੱਤੀ। ਮੈਂ ਜਿਵੇਂ ਤਾਰ ’ਤੇ ਤੁਰ ਰਿਹਾ ਹੋਵਾਂ। ਭੋਰਾ ਹੁਕਮ ਅਦੂਲੀ ਹੋਈ ਨਹੀਂ ਕਿ ਛਾਪਾਂ ਵਿਚਲੇ ਨਗਾਂ ਨੇ ਸਿਰ ਖੱਖੜੀਆਂ ਕੀਤਾ ਨਹੀਂ। “ਹੌਲੀ ਕਰ ਓਏ," ਤੇ ਮੈਂ ਬਰੇਕਾਂ 'ਤੇ ਪੈਰ ਰੱਖ ਦਿੱਤਾ। “ਰੋਕ।” ਅਗਲੇ ਹੀ ਛਿਣ ਮੈਂ ਬ੍ਰੇਕ ਠੋਕ ਦਿੱਤੇ। ਟੈਕਸੀ ਰੁਕ ਗਈ। ਦਿਮਾਗ ਵਿਚ ਕਈ ਖਿਆਲ ਬੜੀ ਹੀ ਤੇਜੀ ਨਾਲ ਆਏ; ਮੈਨੂੰ ਲੱਗਾ ਕਿ ਹੁਣ ਆਵਾਜ਼ ਆਵੇਗੀ, ‘ਜਿਹੜਾ ਕੁਝ ਹੈ ਜੇਬ ’ਚ, ਸਾਡੇ ਹਵਾਲੇ ਕਰ।' ਹਾਲੇ ਕੋਈ ਵੀ ਟ੍ਰਿੱਪ ਨਹੀਂ ਸੀ ਲਾਇਆ। ਘਰੋਂ ਲਿਆਂਦੇ ਵੀਹ ਡਾਲਰਾਂ ਦੀ ਭਾਨ ਕੋਲ ਸੀ। ਉਹ ਮੈਂ ਉਨ੍ਹਾਂ ਦੇ ਹਵਾਲੇ ਕਰਨ ਲਈ ਹੁਕਮ ਦੀ ਉਡੀਕ ਵਿਚ ਸੀ। ‘ਭਾਨ ਵੇਖ ਕੇ ਸਾਲੇ ਕੁੱਟਣਗੇ,’ ਇਸ ਸੋਚ ਨੇ ਕੰਬਣੀ ਛੇੜ ਦਿੱਤੀ। ਚਿੱਤ ’ਚ ਆਈ ਕਿ ਫੁਰਤੀ ਨਾਲ ਟੈਕਸੀ ਛੱਡਕੇ ਸ਼ੂਟ ਵੱਟ ਲਵਾਂ। ਪਰ ਉਨ੍ਹਾਂ ਟੈਕਸੀ ਰੁਕਦਿਆਂ ਹੀ ਦਰਵਾਜ਼ੇ ਖੋਲ੍ਹ ਲਏ। ‘ਪਾਸਿਓਂ ਆ ਕੇ ਗਲਮਿਓਂ ਨਾ ਫੜ ਲੈਣ,’ ਮੈਂ ਇਕ ਦਮ ਸ਼ੀਸ਼ਾ ਉਪਰ ਕਰ ਦਿੱਤਾ ਅਤੇ ਹੈਂਡਲ ਨੂੰ ਘੁੱਟ ਕੇ ਫੜ ਲਿਆ। “ਗਿੱਟ ਲੌਸਟ ਨਾਓ,” ਇੱਕ ਨੇ ਕਿਹਾ ਅਤੇ ਉਨ੍ਹਾਂ ਦਰਵਾਜ਼ੇ ਠਾਹ ਦੇਣੇ ਇਕੱਠੇ ਹੀ ਮਾਰੇ। ਜਿਵੇਂ ਬੰਦੂਕ ਚੱਲੀ ਹੋਵੇ। ਮੈਂ ਇਕਦਮ ਕੀਲੀ ਨੱਪ ਦਿੱਤੀ। ਸਰੀਰ ਝੂਠਾ ਹੋਇਆ ਪਿਆ ਸੀ। ਨਿਊਵੈਸਟਮਨਿਸਟਰ ਸ਼ਹਿਰ ਦੀ ਹੱਦ

'ਚੋਂ ਨਿਕਲਦਿਆਂ ਮੈਨੂੰ ਲੱਗਾ ਜਿਵੇਂ ਨਵਾਂ ਜਨਮ ਹੋਇਆ ਹੋਵੇ।

ਟੈਕਸੀਨਾਮਾ/15