ਪੰਨਾ:ਟੈਕਸੀਨਾਮਾ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲਦੇ ਰੌਂ

ਜ਼ੋਨ ਸੈਵਨ ਵਿਚ ਟੈਕਸੀ ਬੁੱਕ ਕਰਵਾਈ ਨੂੰ ਘੰਟਾ ਹੋ ਗਿਆ ਸੀ। ਵਾਰੀ ਆਉਣ ਵਿਚ ਹੀ ਨਹੀਂ ਸੀ ਆ ਰਹੀ। ਤੇ ਜਦੋਂ ਅੱਖਾਂ ਪਕਾ ਕੇ ਵਾਰੀ ਆਈ ਮੈਂ ਰੇਡੀਓ ਡਿਸਪੈਚ ਵਾਲੇ ਮਾਈਕ ਨੂੰ ਝਪੱਟਾ ਮਾਰ ਕੇ ਚੁੱਕਿਆ ਤੇ ਆਪਣੀ ਕਾਰ ਦਾ ਨੰਬਰ ਬੋਲਣ ਲੱਗੇ ਸਕਿੰਟ ਹੀ ਲਾਇਆ। ਜਦੋਂ ਡਿਸਪੈਚਰ ਟੈਕਸੀ ਦਾ ਨੰਬਰ ਬੋਲਦਾ ਹੈ ਤਾਂ ਸਕੂਲ ਵਿਚ ਹਾਜ਼ਰੀ ਲਵਾਉਣ ਵਾਂਗ ਟੈਕਸੀ ਦਾ ਨੰਬਰ ਬੋਲ ਕੇ ਦੱਸਣਾ ਪੈਂਦਾ ਹੈ ਕਿ ਹਾਜ਼ਰ ਹਾਂ। ਮੇਰੀ ਹਾਜ਼ਰੀ ਸੁਣਕੇ ਡਿਸਪੈਚਰ ਨੇ ਸਵਾਰੀ ਦਾ ਪਤਾ ਬੋਲਿਆ। ਐਡਰੈੱਸ ਸੁਣ ਕੇ ਮੇਰਾ ਜੀਅ ਕੀਤਾ ਕਿ ਕਾਰ ਦੀ ਵਿੰਡਸ਼ੀਲਡ 'ਚ ਘਸੁੰਨ ਮਾਰਾਂ। ਮੈਨੂੰ ਪਤਾ ਸੀ ਕਿ ਇਸ ਪਤੇ ਤੋਂ ਮਿਸਿਜ਼ ਸਮਾਲ ਨੇ ਦੋ ਬਲਾਕ ਦੀ ਵਿੱਥ ’ਤੇ ਆਪਣੇ ਵਾਲ ਕਟਵਾਉਣ ਜਾਂ ਸੰਵਾਰਨ ਜਾਣਾ ਸੀ। ਦੋ ਡਾਲਰ ਅੱਸੀ ਸੈਂਟ ਮੀਟਰ ’ਤੇ ਚੱਲਣੇ ਸਨ ਤੇ ਉਸਨੇ ਤਿੰਨ ਡਾਲਰ ਦੇਣੇ ਸਨ। ਮੈਂ ਤਾਂ ਇਹ ਉਮੀਦ ਲਾਈ ਬੈਠਾ ਸੀ ਕਿ ਯੂ ਬੀ ਸੀ ਨੂੰ ਜਾਣ ਵਾਲਾ ਲੰਮਾ ਟ੍ਰਿੱਪ ਮਿਲੇਗਾ। ਉਹ ਰੈਗੂਲਰ ਟ੍ਰਿੱਪ ਏਸ ਵੇਲੇ ਹੀ ਨਿਕਲਦਾ ਸੀ। ਮੇਰਾ ਜੀਅ ਕੀਤਾ ਕਿ ਮਿਸਿਜ਼ ਸਮਾਲ ਨੂੰ ਉਸਦੇ ਟਿਕਾਣੇ ’ਤੇ ਛੱਡ ਕੇ ‘ਨੋ-ਟਿੱਪ’ ਕਰ ਦੇਵਾਂ। ਇਸ ਤਰ੍ਹਾਂ ਕਰਨ ਨਾਲ ਜੋਨ ਵਿਚ ਪਹਿਲਾ ਨੰਬਰ ਹੀ ਰਹਿ ਜਾਣਾ ਸੀ ਤੇ ਅਗਲਾ ਟਾੱਪ ਫਿਰ ਮੈਨੂੰ ਹੀ ਮਿਲ ਜਾਣਾ ਸੀ। ਫਿਰ ਸੋਚਿਆ ਕਿ ਸਾਰੇ ਟੈਕਸੀ ਡਰਾਈਵਰਾਂ ਨੂੰ ਪਤਾ ਹੈ ਕਿ ਇਹ ਟ੍ਰਿੱਪ ‘ਜਰਕ’ ਹੈ ਤੇ ਦੂਜਿਆਂ ਨੇ ਸੋਚਣਾ ਹੈ ਕਿ ਮੈਂ ਜਾਣ-ਬੁੱਝ ਕੇ ‘ਨੋ- ਟ੍ਰਿੱਪ’ ਕੀਤਾ ਹੈ। ਅੱਜ ਦਾ ਦਿਨ ਚੰਗਾ ਨਾ ਲੱਗਣ ’ਤੇ ਝੂਰਦਾ ਮੈਂ ਮਿਸਿਜ਼ ਸਮਾਲ ਦੇ ਪਤੇ ਵੱਲ ਜਾ ਰਿਹਾ ਸੀ ਕਿ ਮੇਰੇ ਤੋਂ ਪਿਛਲੀ ਟੈਕਸੀ ਨੂੰ ਉਹ ਟ੍ਰਿੱਪ ਮਿਲ ਗਿਆ, ਜਿਸ ਦੀ ਮੈਂ ਉਮੀਦ ਲਾਈ ਬੈਠਾ ਸਾਂ। ਮੈਂ ਸੰਘ ਘਰੋੜ ਕੇ ‘ਫੇਅਅਕ’ ਕਿਹਾ ਤੇ ਠਾਹ ਕਰਕੇ ਹਥੇਲੀ ਸਟੇਰਿੰਗ ’ਤੇ ਮਾਰੀ। ਖਿੱਝਦਾ-ਕ੍ਰਿਝਦਾ ਮੈਂ ਟਿਕਾਣੇ ’ਤੇ ਜਾ ਪੁੱਜਾ। ਮਿਸਿਜ਼ ਸਮਾਲ ਵਾਕਰ ਦੇ ਸਹਾਰੇ ਤੁਰਦੀ ਹੈ। ਉਸਦਾ ਵਾਕਰ ਫੜਕੇ ਟਰੰਕ ਵਿਚ ਰੱਖਣਾ ਪੈਣਾ ਸੀ, ਫਿਰ ਉਸ ਨੂੰ ਸਹਾਰਾ ਦੇ ਕੇ ਕਾਰ ਵਿਚ ਬਠਾਉਣਾ ਪੈਣਾ ਸੀ। ਉਸ ਵਕਤ ਇਹ ਸਾਰਾ ਕੁਝ ਕਰਨ ਦੀ ਵੱਢੀ ਰੂਹ ਨਹੀਂ ਸੀ

ਕਰਦੀ। ਮੈਂ ‘ਹੈਲੋ’ ਵੀ ਉਸ ਵੱਲ ਚਲਾਵੀਂ ਮਾਰੀ ਤੇ ਫਿਰ ਉਸ ਦੇ ਟਿਕਾਣੇ 'ਤੇ

16/ਟੈਕਸੀਨਾਮਾ