ਪੰਨਾ:ਟੈਕਸੀਨਾਮਾ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਜਾਕੇ ਉਸਦਾ ਵਾਕਰ ਟਰੰਕ ਵਿੱਚੋਂ ਕੱਢਿਆ ਅਤੇ ਉਸਦੇ ਮੂਹਰੇ ਪਟਕਾ ਮਾਰਿਆ। ਉਹ ਮੇਰੇ ਵੱਲ ਝਾਕੀ ਸੀ। ਬੋਲੀ ਕੁਝ ਨਹੀਂ। ਮੈਨੂੰ ਲੱਗਾ ਕਿ ਉਹ ਕੁਝ ਆਖਣਾ ਚਾਹੁੰਦੀ ਸੀ। ਪਰ ਮੈਂ ਉਸ ਵੱਲੋਂ ਨਜ਼ਰਾਂ ਹਟਾ ਕੇ ਠਾਹ ਦੇਣੇ ਦਰਵਾਜਾ ਬੰਦ ਕੀਤਾ ਤੇ ਟੈਕਸੀ ਵਿਚ ਬੈਠਕੇ ਵੱਡੀ ਸਾਰੀ ਗਾਲ੍ਹ ਕੱਢੀ, “ਡੂਢ ਸਾਲੀ ਦੇ ਵਾਲ ਐ, ਏਹਨਾਂ ਨੂੰ ਮਨਾਉਣ ਤੁਰ ਪੂ ਜਿਵੇਂ ਕਿਸੇ ਯਾਰ ਨੂੰ ਮਿਲਣ ਜਾਣਾ ਹੁੰਦੈ।”

ਤੇ ਪਿਛਲੇ ਸ਼ਨਿਚਰਵਾਰ ਵੀ ਮੈਨੂੰ ਮਿਸਿਜ਼ ਸਮਾਲ ਵਾਲਾ ਟ੍ਰਿੱਪ ਮਿਲਿਆ ਸੀ। ਉਸ ਦਿਨ ਮੇਰਾ ਪੂਰਾ ‘ਸੂਤ’ ਲੱਗਿਆ ਹੋਇਆ ਸੀ। ਇੱਕ ਟ੍ਰਿੱਪ ਤੋਂ ਵੇਹਲਾ ਹੁੰਦਾ ਤੇ ਝੱਟ ਦੂਜਾ ਮਿਲ ਜਾਂਦਾ। ਉਸ ਦਿਨ ਉਹ ਮੈਨੂੰ ਆਪਣੀ ਨਾਨੀ ਵਰਗੀ ਲੱਗੀ ਸੀ। ਪਟੋਲਾ ਜਿਹਾ। ਮੇਰਾ ਜੀਅ ਕੀਤਾ ਸੀ ਕਿ ਉਸ ਨੂੰ ਬਾਹਾਂ ਵਿਚ ਚੁੱਕ ਕੇ ਹੇਅਰ ਡ੍ਰੈੱਸਰ ਦੀ ਕੁਰਸੀ 'ਚ ਬਿਠਾ ਆਵਾਂ। ਸਗੋਂ ਮੈਂ ਉਸ ਨੂੰ ਪਿਆਰ ਨਾਲ ਮਸ਼ਕਰੀ ਵੀ ਕੀਤੀ ਸੀ। ਮੈਂ ਉਸ ਨੂੰ ਕਿਹਾ ਸੀ, “ਬਿਊਟੀ ਕੁਈਨ, ਤੂੰ ਤਾਂ ਵਾਲਾਂ ਨੂੰ ਸੰਵਾਰੇ ਤੋਂ ਬਿਨ੍ਹਾਂ ਹੀ ਬਥੇਰੀ ਸੋਹਣੀ ਐਂ। ਫਿਰ ਤੈਨੂੰ ਹਰ ਹਫ਼ਤੇ ਹੇਅਰ ਡ੍ਰੈੱਸਰ ਦੇ ਜਾਣ ਦੀ ਕੀ ਲੋੜ ਹੈ!” ਉਹ ਮੂਹਰੋਂ ਬੋਲੀ ਸੀ, “ ਜਦੋਂ ਘਰੇ ਇਕੱਲਤਾ ਤੋਂ ਤੰਗ ਪੈ ਜਾਨੀ ਆਂ ਤਾਂ ਵਾਲ ਸੰਵਾਰਨ ਦੇ ਬਹਾਨੇ ਮੈਂ ਲੋਕਾਂ ਨੂੰ ਮਿਲ ਆਉਣੀ ਆਂ। ਕੁਝ ਗੱਲਾਂ ਬਾਤਾਂ ਕਰ ਆਉਣੀ ਆਂ।”

ਹੁਣ ਜਦੋਂ ਮੈਨੂੰ ਮਿਸਿਜ਼ ਸਮਾਲ ਦੀਆਂ ਕੁਝ ਆਖਣ ਲਈ ਲੋਚਦੀਆਂ ਅੱਖਾਂ ਯਾਦ ਆਉਂਦੀਆਂ ਹਨ ਤਾਂ ਆਪਣੇ ਬੇਰੁਖੀ ਵਾਲੇ ਵਤੀਰੇ ’ਤੇ ਸ਼ਰਮਿੰਦਗੀ

ਮਹਿਸੂਸ ਹੁੰਦੀ ਹੈ।

ਟੈਕਸੀਨਾਮਾ/17