ਪੰਨਾ:ਟੈਕਸੀਨਾਮਾ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਦੱਸ ਰਹੀ ਹੈ ਕਿ ਉਹ ਸੂਬੇ ਦੀ ਮੰਤਰੀ ਹੈ। ਮੈਂ ਪਹਿਲਾਂ ਵੀ ਕਈ ਟੈਕਸੀ ਡਰਾਈਵਰਾਂ ਤੋਂ ਸੁਣਿਆ ਸੀ ਕਿ ਉਸ ਦੀ ਟੈਕਸੀ ਵਿੱਚ ਫਲਾਨਾ ਮੰਤਰੀ ਬੈਠਾ ਸੀ। ਉਦੋਂ ਮੈਂ ਸੋਚਦਾ ਹੁੰਦਾ ਕਿ ਐਵੇਂ ਯੱਕੜ ਮਾਰਦੇ ਆ, ਐਨੀ ਵੀ ਕੀ ਆਖ। ਭਾਰਤ ’ਚੋਂ ਨਵਾਂ-ਨਵਾਂ ਆਇਆ ਮੇਰੇ ਅੰਦਰਲਾ ਇਹ ਤਸਵੀਰ ਚਿਤਵ ਹੀ ਨਹੀਂ ਸੀ ਸਕਦਾ। ਪਰ ਹੁਣ ਮੇਰੇ ਆਪਣੇ ਨਾਲ ਇਹ ਵਾਪਰ ਰਿਹਾ ਸੀ। ਮੈਨੂੰ ਉਸ ਦਾ ਚੇਹਰਾ ਜਾਣਿਆ-ਪਛਾਣਿਆ ਲੱਗਣ ਦੀ ਸਮਝ ਆਉਣ ਲੱਗੀ। ਪਿਛਲੇ ਮਹੀਨਿਆਂ ਦੌਰਾਨ ਸੂਬਾਈ ਚੋਣਾਂ ਹੋਣ ਕਰ ਕੇ ਇਸ ਇਲਾਕੇ ਵਿੱਚ ਥਾਂ-ਥਾਂ ਇਸ ਦੇ ਪੋਸਟਰ ਲੱਗੇ ਹੋਏ ਸਨ। ਉਹਨੀਂ ਦਿਨੀ ਤਾਂ ਮੇਰੇ ਲਈ ਅਖਬਾਰ ਦਾ ਮਤਲਬ ਵੀ ਉਸ ਦਾ ਵਿਚਕਾਰਲਾ ਇਸ਼ਤਿਹਾਰਾਂ ਵਾਲਾ ਹਿੱਸਾ ਹੀ ਹੁੰਦਾ ਸੀ। ਕਿਸੇ ਬੇਹਤਰ ਨੌਕਰੀ ਲਈ ਜਾਂ ਕੋਈ ਪੁਰਾਣੀ ਤੇ ਸਸਤੀ ਚੀਜ਼ ਖ੍ਰੀਦਣ ਲਈ। ਕਨੇਡਾ ਦੀ ਸਿਆਸਤ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਮੈਂ ਤਾਂ ਕੁਝ ਸਾਲ ਰਹਿਣਾ ਸੀ ਤੇ ਫਿਰ ਜਦੋਂ ਚਾਰ ਛਿੱਲੜ ਜੁੜ ਜਾਣੇ ਸਨ, ਮੈਂ ਆਪਣੇ ‘ਭਾਰਤ ਮਹਾਨ’ ਵੱਲ ਚਾਲੇ ਪਾ ਦੇਣੇ ਸਨ। ਪਰ ਉਸ ਮਨਿਸਟਰ ਦੇ ਟੈਕਸੀ ਵਿੱਚ ਬੈਠਿਆਂ ਮੈਨੂੰ ਆਪਣੀ ਅਗਿਆਨਤਾ ’ਤੇ ਸ਼ਰਮ ਮਹਿਸੂਸ ਹੋਈ ਕਿ ਮੈਂ ਆਪਣੇ ਆਲੇ-ਦੁਆਲੇ ਦੀ ਐਨੀ ਵੀ ਸਾਰ ਨਹੀਂ ਰੱਖਦਾ। ਆਪਣੀ ਝੇਂਪ ਨੂੰ ਲੁਕਾਉਂਦਿਆਂ ਮੈਂ ਕਿਹਾ, ਮੁਆਫ਼ ਕਰਨਾ, ਇਸ ਮਾਮਲੇ 'ਚ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਮੇਰਾ ਸਕੂਲ ਸਿਸਟਮ ਨਾਲ ਸਿੱਧਾ ਜਾਂ ਅਸਿੱਧਾ ਕੋਈ ਵਾਸਤਾ ਨਹੀਂ ਹੈ।”

ਚੱਲ ਕੋਈ ਨਹੀਂ, ਤੇਰਾ ਸਾਡੀ ਸਰਕਾਰ ਵੱਲੋਂ ਸੈਨੇਟ ਵਿੱਚ ਔਰਤਾਂ ਲਈ ਰਾਖਵੀਆਂ ਸੀਟਾਂ ਰੱਖਣ ਬਾਰੇ ਕੀ ਵਿਚਾਰ ਹੈ?”

ਇੱਕ ਵਾਰ ਫਿਰ ਮੈਨੂੰ ਆਪਣੀ ਅਗਿਆਨਤਾ 'ਤੇ ਸ਼ਰਮ ਆਈ ਪਰ ਮੈਂ ਉਸ ਦੇ ਸਵਾਲ ਤੋਂ ਹੀ ਅੰਦਾਜ਼ਾ ਲਾ ਕੇ ਕਿਹਾ, “ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਸੋਚਦੇ ਕਿ ਸੈਨੇਟ ਵਿੱਚ ਸੀਟਾਂ ਰਾਖਵੀਆਂ ਰੱਖਣ ਦੀ ਜ਼ਰੂਰਤ ਕਿਓਂ ਪਈ? ਉਹ ਕਾਰਣ ਕਿਹੜੇ ਹਨ, ਜਿਸ ਕਰ ਕੇ ਔਰਤਾਂ ਅਗਾਂਹ ਨਹੀਂ ਆਉਂਦੀਆਂ ਅਤੇ ਉਨ੍ਹਾਂ ਲਈ ਸੀਟਾਂ ਰਾਖਵੀਆਂ ਰੱਖਣੀਆਂ ਪੈਂਦੀਆਂ ਹਨ?”

ਉਹ ਕੁਝ ਪਲ ਚੁੱਪ ਰਹੀ ਫਿਰ ਚਹਿਕ ਕੇ ਬੋਲੀ, “ਤੂੰ ਬਹੁਤ ਵਧੀਆ ਸਵਾਲ ਉਠਾਇਆ ਹੈ। ਮੈਂ ਇਸ ਬਾਰੇ ਪਾਰਲੀਮੈਂਟ 'ਚ ਗੱਲ ਕਰਾਂਗੀ। ਪਰ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਹੈ ਨਾ?” ਮੈਨੂੰ ਆਪਣਾ-ਆਪ ਚੰਗਾ-ਚੰਗਾ ਲੱਗਾ। ਇੱਕ ਵੱਖਰੀ ਕਿਸਮ ਦਾ ਮਾਣ ਜਿਹਾ ਮਹਿਸੂਸ ਹੋਇਆ ਮੈਨੂੰ।

“ਹਾਂ,” ਮੈਂ ਉਸ ਨਾਲ ਸਹਿਮਤੀ ਪ੍ਰਗਟਾਈ। ਉਸ ਨੇ ਫਿਰ ਆਪਣਾ ਧਿਆਨ ਫਾਈਲ ਵੱਲ ਕਰ ਲਿਆ। ਮੇਰਾ ਜੀਅ ਕਰਦਾ ਸੀ ਕਿ ਉਹ ਮੇਰੇ ਨਾਲ ਗੱਲਾਂ ਕਰੇ। ਮੈਂ ਪੁੱਛ ਲਿਆ ਕਿ ਕੀ ਉਹ ਰੁੱਝੀ ਹੋਈ ਹੈ। ਉਹ ਬੋਲੀ, “ਹਾਂ, ਕੰਮ ’ਤੇ ਚੱਲੀ ਹਾਂ। ਕੋਸ਼ਿਸ਼ ਕਰ ਰਹੀ ਹਾਂ ਕਿ ਕੱਲ੍ਹ ਨੂੰ ਸ਼ੁਰੂ ਹੋਣ ਵਾਲੇ ਲੈਜਿਸਲੇਟਿਵ ਅਸੈਂਬਲੀ ਦੇ ਇਜਲਾਸ ਲਈ ਆਪਣੀ ਤਿਆਰੀ ਕਰ ਲਵਾਂ।”

“ਓ.ਕੇ” ਆਖ ਕੇ ਮੈਂ ਚੁੱਪ ਕਰ ਗਿਆ। ਮੇਰੀਆਂ ਸੋਚਾਂ ਵਿੱਚ ਭਾਰਤ ਦੇ

ਟੈਕਸੀਨਾਮਾ/19