ਪੰਨਾ:ਟੈਕਸੀਨਾਮਾ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਨੀਤੀਵਾਨਾਂ ਦੇ ਚੇਹਰੇ ਘੁੰਮਣ ਲੱਗੇ। ‘ਕੀ ਉਹ ਵੀ ਪਾਰਲੀਮੈਂਟ ਜਾਂ ਅਸੈਂਬਲੀ ’ਚ ਜਾਣ ਨੂੰ ਕੰਮ 'ਤੇ ਜਾਣਾ ਸਮਝਦੇ ਹੋਣਗੇ?’ ‘ਕੀ ਉਹ ਵੀ ਆਮ ਲੋਕਾਂ ਦੀ ਗੱਲ ਇਸੇ ਤਰ੍ਹਾਂ ਸੁਣਦੇ ਹੋਣਗੇ?” ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਚਿਤਵ ਹੀ ਨਹੀਂ ਸੀ ਸਕਦਾ। ਮੇਰੇ ਖਿਆਲਾਂ ਵਿੱਚ ਤਾਂ ਉਹ ਆਪਣੀਆਂ ਲੱਛੇਦਾਰ ਤਕਰੀਰਾਂ, ਪੁਲੀਸ ਗਾਰਦਾਂ ਵਿੱਚ ਘਿਰੇ ਹੋਏ, ਧੂੜਾਂ ਉਡਾਉਂਦੀਆਂ ਕਾਰਾਂ ਦੇ ਕਾਫਲਿਆਂ ਵਿੱਚ ਆਉਂਦੇ-ਜਾਂਦੇ ਆਮ ਆਦਮੀ ਲਈ ਅਪੁੰਹਚ ਹੀ ਲਗਦੇ ਸਨ। ਤੇ ਇਸ ਮੰਤਰੀ ਦੇ ਵਤੀਰੇ ਨੇ ਮੈਨੂੰ ਉਸੇ ਤਰ੍ਹਾਂ ਹੀ ਹੈਰਾਨ ਕਰ ਦਿੱਤਾ ਸੀ, ਜਿਸ ਤਰ੍ਹਾਂ ਕਿ ਮੈਂ ਕਨੇਡਾ ਪਹੁੰਚਣ ਵਾਲੀ ਰਾਤ ਹੈਰਾਨ ਹੋਇਆ ਸੀ। ਉਸ ਰਾਤ ਮੇਰੇ ਭਣੋਈਏ ਦੀ ਘਰ ਮੂਹਰੇ ਸੜਕ 'ਤੇ ਪਾਰਕ ਕੀਤੀ ਕਾਰ ਵਿੱਚ ਕਿਸੇ ਹੋਰ ਦੀ ਕਾਰ ਆ ਵੱਜੀ ਸੀ ਅਤੇ ਉਸ ਡਰਾਈਵਰ ਨੇ ਅੱਧੀ ਰਾਤੋਂ ਸਾਨੂੰ ਜਗਾ ਕੇ ਸਾਥੋਂ ਮੁਆਫ਼ੀ ਮੰਗੀ ਨਾਲੇ ਆਪਣਾ ਅਤਾ-ਪਤਾ ਦੇ ਗਿਆ ਤਾਂ ਕਿ ਇੰਸ਼ੌਰੈਂਸ ਰਾਹੀਂ ਅਸੀਂ ਆਪਣੀ ਕਾਰ ਠੀਕ ਕਰਵਾ ਲਈਏ। ਉਸ ਦਾ ਇਹ ਵਤੀਰਾ ਮੇਰੇ ਮੰਨਣ ਵਿੱਚ ਹੀ ਨਹੀਂ ਸੀ ਆ ਰਿਹਾ।

ਮੈਂ ਆਪਣੀਆਂ ਸੋਚਾਂ 'ਚ ਘਿਰਿਆ ਟੈਕਸੀ ਨੂੰ ਏਅਰਪੋਰਟ ਲੈ ਗਿਆ। ਮੀਟਰ ਉੱਪਰ ਛੱਬੀ ਡਾਲਰ ਕਿਰਾਇਆ ਬਣ ਗਿਆ ਸੀ। ਉਸ ਨੇ ਤੀਹ ਡਾਲਰ ਦੇ ਕੇ ਸਾਰੇ ਰੱਖਣ ਲਈ ਆਖ ਕੇ ਰਸੀਦ ਦੀ ਮੰਗ ਕੀਤੀ। ਮੈਂ ਉਸ ਨੂੰ ਛੱਬੀ ਡਾਲਰਾਂ ਦੀ ਰਸੀਦ ਬਣਾ ਕੇ ਦੇ ਦਿੱਤੀ। ਉਸ ਨੇ ਇੱਕ ਨਜ਼ਰ ਰਸੀਦ ਵੱਲ ਮਾਰੀ, ਫਿਰ ਬੋਲੀ, “ਮੈਂ ਤੈਨੂੰ ਤੀਹ ਡਾਲਰ ਦਿੱਤੈ ਆ ਨਾ?”

“ਹਾਂ, ਪਰ ਮੀਟਰ ’ਤੇ ਤਾਂ ਛੱਬੀ ਹੀ ਬਣੇ ਆ। ਟਿੱਪ ਤਾਂ ਤੂੰ ਆਪਣੀ ਇੱਛਾ ਨਾਲ ਦਿੱਤੀ ਹੈ। ਓਹਦਾ ਸਰਕਾਰੀ ਖਜ਼ਾਨੇ 'ਤੇ ਕਿਉਂ ਬੋਝ ਪਾਉਨੀ ਐਂ?”

“ਤੇਰੀ ਗੱਲ ਠੀਕ ਐ, ਮੈਂ ਇਸ ਬਾਰੇ ਸੋਚਿਆ ਹੀ ਨਹੀਂ ਸੀ। ਨਵੀਂ ਨਵੀਂ ਮਨਿਸਟਰ ਬਣੀ ਹਾਂ ਨਾ। ਯਾਦ ਕਰਾਉਣ ਲਈ ਸ਼ੁਕਰੀਆ,” ਆਖ ਕੇ ਉਹ ਮੁਸਕਰਾਈ ਅਤੇ ਟੈਕਸੀ 'ਚੋਂ ਨਿਕਲ ਕੇ ਏਅਰਪੋਰਟ ਅੰਦਰ ਚਲੀ ਗਈ। ਏਅਰਪੋਰਟ ਤੋਂ ਵਾਪਸ ਮੁੜਦਾ ਮੈਂ ਸੋਚ ਰਿਹਾ ਸੀ ਕਿ ਆਸੇ-ਪਾਸੇ ਦੀ ਥੋੜ੍ਹੀ-

ਬਹੁਤੀ ਜਾਣਕਾਰੀ ਤਾਂ ਰੱਖਣੀ ਹੀ ਚਾਹੀਦੀ ਹੈ।

20/ ਟੈਕਸੀਨਾਮਾ