ਪੰਨਾ:ਟੈਕਸੀਨਾਮਾ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਾਟੇ ਵਾਲਾ ਸੌਦਾ

ਹੈ ਕੋਈ ਕਿੱਤਾ ਐਹੋ-ਜਿਹਾ, ਜਿਸ ਵਿਚ ਕੰਮ ਕਰਨ ਗਏ ਕਾਮੇ ਨੂੰ ਪੱਲਿਓਂ ਪੈਸੇ ਦੇ ਕੇ ਘਰ ਮੁੜਣਾ ਪਵੇ?

ਟੈਕਸੀ ਚਲਾਉਂਦਿਆਂ ਹੁੰਦਾ ਹੈ ਏਦਾਂ ਕਦੇ-ਕਦੇ। ਇਸ ਤਰ੍ਹਾਂ ਦੇ ਕੁਝ ਦਿਨ ਮੇਰੇ ਚੇਤੇ ਵਿੱਚ ਧਸੇ ਪਏ ਹਨ।

ਪਹਿਲੀ ਵਾਰ ਤਾਂ ਟੈਕਸੀ ਚਲਾਉਣ ਦੇ ਪਹਿਲੇ ਦਿਨ ਹੀ ਅਜੇਹਾ ਮੇਰੇ ਨਾਲ ਵਾਪਰਆਿ। ਪਹਿਲੇ ਦਿਨ ਤਾਂ ਕਈਆਂ ਨਾਲ ਇਸ ਤਰ੍ਹਾਂ ਹੁੰਦਾ ਹੋਵੇਗਾ। ਉਨ੍ਹਾਂ ਵੇਲਿਆਂ 'ਚ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਡਿਸਪੈਚਰ ਬਹੁਤ ਤੇਜ਼ੀ ਨਾਲ ਬੋਲਦਾ। ਨਵੇਂ ਬੰਦੇ ਨੂੰ ਘੱਟ ਸਮਝ ਲੱਗਦੀ। ਨਵਾਂ ਬੰਦਾ ਵਾਰ-ਵਾਰ ਕੋਡ ਆਰ*(ਰਪੀਟ) ਪੁੱਛਦਾ। ਡਿਸਪੈਚਰ ਇਕ ਵਾਰ ਤਾਂ ਦੁਬਾਰਾ ਦੱਸ ਦਿੰਦਾ ਦੂਜੀ ਵਾਰ ਪੁੱਛਣ 'ਤੇ ਟ੍ਰਿੱਪ ਅਗਾਂਹ ਵਾਲੀ ਟੈਕਸੀ ਨੂੰ ਡਿਸਪੈਚ ਕਰ ਦਿੰਦਾ। ਨਵੇਂ ਡਰਾਈਵਰ ਨੂੰ ਵਾਰ-ਵਾਰ ਇਸ ਤਰ੍ਹਾਂ ਪੁੱਛਦਿਆਂ ਸੁਣਕੇ ਪੁਰਾਣੇ ਪਾਪੀ ਸਮਝ ਜਾਂਦੇ ਕਿ ‘ਪੰਛੀ’ ਨਵਾਂ ਹੈ। ਉਹ ਨਵੇਂ ਡਰਾਈਵਰ ਦੇ ਲੱਭਦਿਆਂ-ਕਰਦਿਆਂ ਤੋਂ ਪਹਿਲਾਂ ਹੀ ਟ੍ਰਿੱਪ ਚੁੱਕ ਕੇ ਹਵਾ ਨੂੰ ਗੰਢਾਂ ਦੇ ਜਾਂਦੇ। ਡਿਸਪੈਚਰ ਮੈਨੂੰ ਬਾਰਕਰ ਸਟਰੀਟ ਦਾ ਪਤਾ ਦੱਸਦਾ ਤੇ ਮੈਂ ਪਾਰਕਰ ਸਟਰੀਟ ’ਤੇ ਲੱਭਦਾ ਫਿਰਦਾ। ਜਦੋਂ ਪਤਾ ਨਾ ਲੱਭਦਾ ਤਾਂ ਖੱਜਲ-ਖੁਆਰ ਹੋ ਕੇ ਡਿਸਪੈਚਰ ਨੂੰ ਟ੍ਰਿੱਪ ਅਗਾਂਹ ਪਾਸ ਕਰਨ ਨੂੰ ਆਖ ਦਿੰਦਾ। ਅੱਗੋਂ ਡਰਾਈਵਰ ਆਖਦਾ ਕਿ ਉਹ ਤਾਂ ਕਦੋਂ ਦਾ ਕਿਸੇ ਨੇ ਪਾਸ ਕਰ ਦਿੱਤਾ ਹੋਊ। ਖਿੱਚ-ਧੂਹ ਕੇ ਬਾਰਾਂ ਘੰਟਿਆਂ ਵਿੱਚ ਪੰਜਾਹ ਡਾਲਰ ਬਣਾਏ। ਪੰਜਾਹ ਡਾਲਰ ਟੈਕਸੀ ਦੀ ਲੀਜ਼ ਸੀ। ਟੈਕਸੀ ਵਿਚ ਮੈਂ ਗੈਸ ਆਪਣੇ ਪੱਲਿਓਂ ਪੁਆ ਕੇ ਆਇਆ। ਹਰ ਵਾਰ ਤਾਂ ਇਸ ਤਰ੍ਹਾਂ ਨਹੀਂ ਨਾ ਕਰ ਸਕਦਾ ਸੀ। ਮੈਂ ਇੱਕ ਛੋਟੀ ਜਿਹੀ ਟੇਪ ਰਿਕਾਰਡਰ ਲੈ ਲਈ । ਜਦੋਂ ਡਿਸਪੈਚਰ ਪਤਾ ਬੋਲਦਾ ਮੈਂ ਰਿਕਾਰਡ ਕਰ ਲੈਂਦਾ। ਫਿਰ ਵਾਰ ਵਾਰ ਸੁਣ ਕੇ ਪਤਾ ਲਿਖ ਲੈਂਦਾ ਤੇ ਨਕਸ਼ਾ ਦੇਖ ਕੇ ਪਹੁੰਚ ਜਾਂਦਾ।

ਟੇਪ ਲੈਣ ਨਾਲ ਕਿਤੇ ਮੈਂ ਪੱਲਿਓਂ ਨਾ ਦੇ ਕੇ ਮੁੜਣ ਲਈ ਸੁਰੱਖਿਅਤ ਥੋੜ੍ਹਾ ਹੋ ਗਿਆ ਸੀ। ਉਸ ਦਿਨ ਮੈਂ ਆਖਰੀ ਟ੍ਰਿੱਪ ਲਾ ਕੇ ਟੈਕਸੀ ਲਾਟ (ਟੈਕਸੀ ਕੰਪਨੀ ਦੀ ਟੈਕਸੀ ਪਾਰਕਿੰਗ ਵਾਲੀ ਥਾਂ) ਵੱਲ ਮੁੜ ਰਿਹਾ ਸੀ। ਮੇਰੇ ਹਿਸਾਬ ਨਾਲ

ਉਸ ਦਿਨ ਦਿਹਾੜੀ ਠੀਕ ਬਣ ਗਈ ਸੀ। ਟੈਕਸੀ ਵਿਚ ਗੈਸ ਪਵਾ ਕੇ (ਉਨ੍ਹਾਂ ਦਿਨਾਂ ਵਿਚ ਬਾਰ੍ਹਾਂ

ਟੈਕਸੀਨਾਮਾ/21