ਪੰਨਾ:ਟੈਕਸੀਨਾਮਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਸ਼ਾ


“ਕਿਵੇਂ ਰਹੀ ਤੇਰੀ ਰਾਤ?” ਉਸ ਨੇ ਆਪਣੀ ਮੰਜ਼ਿਲ ਦੱਸ ਕੇ ਟੈਕਸੀ ਵਿੱਚ ਸੈੱਟ ਹੋ ਕੇ ਬੈਠਦਿਆਂ ਪੁੱਛਿਆ। ਮੈਂ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖਿਆ। ਉਹ ਆਪਣੀ ਆਵਾਜ਼ ਵਾਂਗ ਹੀ ਦਿਲਕਸ਼ ਤੇ ਨਰਮ ਜਿਹੀ ਸੀ।

“ਮੈਂ ਹਾਲੇ ਹੁਣੇ ਹੀ ਕੰਮ ਸ਼ੁਰੂ ਕੀਤਾ ਹੈ, ਇਹ ਪਹਿਲਾ ਹੀ ਟ੍ਰਿੱਪ ਹੈ। “ਘਬਰਾ ਨਾ, ਮੈਂ ਤੈਨੂੰ ਲੁੱਟਣ ਨਹੀਂ ਲੱਗੀ। ਤੁਸੀਂ ਟੈਕਸੀਆਂ ਵਾਲੇ ਹਮੇਸ਼ਾ ਇਹ ਹੀ ਜਵਾਬ ਦਿੰਦੇ ਹੋ।”

ਮੈਂ ਫਿਰ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖਿਆ। ਉਹ ਮੁਸਕਰਾ ਪਈ। ਮੈਨੂੰ ਉਸ ਦੀ ਮੁਸਕਰਾਹਟ ਮਾਸੂਮ ਜਿਹੀ ਲੱਗੀ। ਮੈਂ ਸੋਚਿਆ, “ਕੋਈ ਖ਼ਤਰੇ ਵਾਲੀ ਗੱਲ ਨਹੀਂ, ਆਰਾਮ ਨਾਲ ਟੈਕਸੀ ਚਲਾਵਾਂ। ਕਿਰਾਇਆ ਨਾ ਦੇਣ ਵਾਲੀ ਤਾਂ ਲੱਗਦੀ ਨੀ।” ਸਵੇਰੇ-ਸਵੇਰੇ ਇਹ ਖਤਰਾ ਬਣਿਆ ਹੀ ਰਹਿੰਦਾ ਹੈ। ਖਾਸ ਕਰ ਕੇ ਜਿਹੜੇ ਸੜਕਾਂ 'ਤੇ ਖੜ੍ਹੇ (ਫਲੈਗ) ਟ੍ਰਿੱਪ ਮਿਲਦੇ ਹਨ।

“ਮੈਂ ਸੱਚ ਆਖ ਰਿਹਾ ਹਾਂ। ਮੈਂ ਦਸ ਮਿੰਟ ਪਹਿਲਾਂ ਹੀ ਚਾਰ ਵਜੇ ਵਾਲੀ ਸ਼ਿਫਟ ਸ਼ੁਰੂ ਕੀਤੀ ਹੈ,” ਮੈਂ ਦੱਸਿਆ। ਉਹ ਠੀਕ ਹੀ ਆਖ ਰਹੀ ਸੀ ਕਿ ਅਸੀਂ ਟੈਕਸੀਆਂ ਵਾਲੇ ਕਦੇ ਵੀ ਸਵਾਰੀਆਂ ਅੱਗੇ ਨਹੀਂ ਕਬੂਲਦੇ ਕਿ ਅੱਜ ਸਾਡਾ ਕੰਮ ਬਹੁਤ ਤੇਜ਼ ਹੈ। ਟੈਕਸੀ ਚਲਾਉਣ ਦੀ ਟ੍ਰੇਨਿੰਗ ਦੇਣ ਵੇਲੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਗਾਹਕ ਦੇ ਸਾਹਮਣੇ ਆਪਣੀ ਟ੍ਰਿੱਪ ਸ਼ੀਟ ਨਾ ਰੱਖੋ, ਜਿਸ ਤੋਂ ਉਹ ਅੰਦਾਜ਼ਾ ਲਾ ਸਕੇ ਕਿ ਤੁਸੀਂ ਕਿੰਨੇ ਕੁ ਡਾਲਰ ਕਮਾਏ ਹਨ ਜਾਂ ਆਪਣੀ ਜੇਬ ਵਿੱਚ ਬਹੁਤੇ ਡਾਲਰ ਨਾ ਰੱਖੋ। ਹੋ ਸਕਦਾ ਹੈ ਕਿ ਗਾਹਕ ਕੋਈ ਲੁਟੇਰਾ ਹੀ ਹੋਵੇ। ਪਰ ਮੈਂ ਤਾਂ ਸੱਚ-ਮੁੱਚ ਹੀ ਸਵੇਰੇ ਚਾਰ ਵਜੇ ਕੰਮ ਸ਼ੁਰੂ ਕੀਤਾ ਸੀ।

“ਮੈਂ ਤੇਰਾ ਯਕੀਨ ਕਰਦੀ ਹਾਂ। ਚਲ ਚੰਗਾ ਤੂੰ ਰਾਤ ਟੈਕਸੀ ਨਹੀਂ ਚਲਾਈ। ਰਾਤ ਤਾਂ ਕੰਮ ਬਿਲਕੁਲ ਹੀ ਮੰਦਾ ਸੀ। ਜਿਵੇਂ ਸਾਰਾ ਸ਼ਹਿਰ ਮਰ ਗਿਆ ਹੋਵੇ, ਉਸ ਨੇ ਕਿਹਾ।

“ਤੈਨੂੰ ਕਿਵੇਂ ਪਤੈ?”

“ਮੈਂ ਵੀ ਕੰਮ ਕਰਦੀ ਸੀ।”

“ਅੱਛਾ, ਤੂੰ ਵੀ ਟੈਕਸੀ ਚਲਾਉਂਦੀ ਐਂ?”

24/ਟੈਕਸੀਨਾਮਾ