ਪੰਨਾ:ਟੈਕਸੀਨਾਮਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਮਿੰਟ ਕੁ ਹਿਚਕਚਾਇਆ। ਪੰਜਾਹ ਡਾਲਰ ਤਾਂ ਮੈਂ ਹਾਲੇ ਕਮਾਏ ਵੀ ਨਹੀਂ ਸੀ। ਮੈਂ ਉਸ ਨੂੰ ਵੀਹ ਡਾਲਰ ਦੇ ਦਿੱਤੇ। “ਤੇਰਾ ਬਹੁਤ-ਬਹੁਤ ਧੰਨਵਾਦ। ਤੁਸੀਂ ਲੋਕ ਬਹੁਤ ਦਿਆਲੂ ਓਂ,” ਆਖ ਕੇ ਉਸ ਨੇ ਮੇਰਾ ਹੱਥ ਘੁੱਟਿਆ ਫਿਰ ਫੋਨ ਨੰਬਰ ਵਾਲੀ ਪਰਚੀ ਫੜਾਉਂਦੀ ਹੋਈ ਬੋਲੀ, “ਮੇਰਾ ਨਾਂ ਕ੍ਰਿਸਟਲ ਹੈ। ਸੋਮਵਾਰ ਸ਼ਾਮ ਨੂੰ ਮੈਥੋਂ ਆਪਣੇ ਪੈਸੇ ਲੈ ਜਾਵੀਂ।”

“ਫਿਕਰ ਨਾ ਕਰ, ਆਪਣੇ ਟ੍ਰਿੱਪ ਦਾ ਆਨੰਦ ਮਾਣ,” ਆਖਦਿਆਂ ਮੈਂ ਉਸ ਦਾ ਅਟੈਚੀ ਟੈਕਸੀ ’ਚੋਂ ਬਾਹਰ ਕੱਢ ਕੇ ਉਸ ਨੂੰ ਫੜਾ ਦਿੱਤਾ। ਉਹ ਉਂਗਲਾਂ ਨਚਾ ਕੇ ‘ਬਾਏ’ ਕਹਿੰਦੀ ਹੋਈ ਏਅਰਪੋਰਟ ਦੇ ਅੰਦਰ ਚਲੀ ਗਈ।

ਮੈਨੂੰ ਆਪਣਾ-ਆਪ ਚੰਗਾ-ਚੰਗਾ ਲੱਗਣ ਲੱਗਾ ਜਿਵੇਂ ਕਿਸੇ ਨੇਕ ਕੰਮ ਕਰਨ ਤੋਂ ਬਾਅਦ ਮਹਿਸੂਸ ਹੁੰਦਾ ਹੈ। ਉਸ ਨਾਲ ਕੀਤੀਆਂ ਗੱਲਾਂ ਨੂੰ ਮੈਂ ਆਪਣੇ ਅੰਦਰ ਰਿੜਕਣ ਲੱਗਾ। ਉਸ ਵੱਲੋਂ ਦਿੱਤੀ ਸਲਾਹ ਕਿ ‘ਬੱਚਿਆਂ ਨਾਲ ਹੋਰ ਸਮਾਂ ਬਤਾਉਣਾ ਚਾਹੀਦਾ ਹੈ’ ਮੈਨੂੰ ਚੰਗੀ ਲੱਗੀ। ‘ਇਕ-ਅੱਧਾ ਟ੍ਰੈੱਪ ਹੋਰ ਲਾ ਕੇ ਚੱਲਦੇ ਆਂ ਘਰ,’ ਸੋਚਦਾ ਮੈਂ ਏਅਰਪੋਰਟ ਤੋਂ ਵਾਪਸ ਆ ਗਿਆ। ਟੈਕਸੀ ‘ਹਾਸਪੀਟਲ ਸਟੈਂਡ' ’ਤੇ ਲਾ ਕੇ ਮੈਂ ਜੇਬ ਵਿੱਚ ਹੱਥ ਮਾਰਿਆ। ਕ੍ਰਿਸਟਲ ਵੱਲੋਂ ਦਿੱਤੀ ਪਰਚੀ ਬਾਹਰ ਕੱਢੀ ਅਤੇ ਨੰਬਰ ਨੂੰ ਆਪਣੇ ਸੈੱਲ ਫੋਨ ਵਿੱਚ ਭਰਨ ਲਈ ਉਹ ਨੰਬਰ ਮਿਲਾ ਲਿਆ। ਅੱਗੋਂ ਪਹਿਲੀ ਘੰਟੀ 'ਤੇ ਹੀ ਕਨੇਡਾ ਪੋਸਟ ਦੀ ਇਮਪਲਾਏਮਿੰਟ ਲਾਈਨ ਬੋਲ ਪਈ। ਮੈਂ ਨੰਬਰ ਦੁਬਾਰਾ ਮਿਲਾਇਆ, ਫਿਰ ਉਹੀ ਸੁਨੇਹਾ। ਮੈਂ ਨੰਬਰਾਂ ਨੂੰ ਅੱਗੇ-ਪਿੱਛੇ ਕਰ ਕੇ ਕੋਸ਼ਿਸ਼ ਕੀਤੀ ਪਰ ਕੋਈ ਵੀ ਨੰਬਰ ਠੀਕ ਨਹੀਂ ਮਿਲਿਆ। ‘ਹੋ ਗਿਆ ਕੰਮ,’ ਮੈਨੂੰ ਥੋੜ੍ਹੀ ਜਿਹੀ ਸ਼ੱਕ ਪਈ। ਫਿਰ ਸੋਚਿਆ ਕਿ ਉਹ ਲਗਦੀ ਤਾਂ ਨਹੀਂ ਸੀ ਐਹੋ-ਜਿਹੀ, ਘਬਰਾਹਟ ਵਿੱਚ ਗਲਤ ਨੰਬਰ ਲਿਖ ਗਈ ਹੋਵੇਗੀ। ਪਰ ਸ਼ੱਕ ਦੂਰ ਨਾ ਹੋਇਆ। ਮੈਂ ਕੰਮਪਿਊਟਰ ਵਿੱਚੋਂ ਕ੍ਰਿਸਟਲ ਦੇ ਟ੍ਰਿੱਪ ਵਾਲਾ ਐਡਰੈੱਸ ਕੱਢਿਆ ਅਤੇ ਸੋਚਿਆ ਕਿ ਆਪਣਾ ਸ਼ੱਕ ਦੂਰ ਕਰ ਹੀ ਲਵਾਂ। ਉਸ ਪਤੇ 'ਤੇ ਪਹੁੰਚ ਕੇ ਜਦ ਮੈਂ ਸੁਈਟ ਨੰਬਰ ਵਾਲੀ ਲਿਸਟ ਵੇਖੀ ਤਾਂ ਉਸ ਲਿਸਟ ਵਿੱਚ ਉਹ ਸੁਈਟ ਨੰਬਰ ਹੀ ਨਹੀਂ ਸੀ। ਮੈਨੂੰ ਕ੍ਰਿਸਟਲ ਦੇ ਬਾਹਰ ਆ ਕੇ ਖੜ੍ਹਨ ਦੀ ਸਮਝ ਆਉਣ ਲੱਗੀ।

“ਲਾ ਗਈ ਲੋਦਾ!” ਮੇਰੇ ਮੂੰਹੋਂ ਨਿਕਲਿਆ।

40/ ਟੈਕਸੀਨਾਮਾ