ਪੰਨਾ:ਟੈਕਸੀਨਾਮਾ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਾਂ ਸਾਲ

“ਨਿਊ ਯੀਅਰ ਈਵ ਨੂੰ ਤੈਨੂੰ ਕੌਣ ਦੇ ਦੇਊ ਟੈਕਸੀ ਚਲਾਉਣ ਨੂੰ!” ਭੋਲਾ ਬੋਲਿਆ।

“ਕੋਈ ਨਾ ਦੇਵੇ, ਤੂੰ ਦੇਦੀਂ,” ਮੈਂ ਫਿਰ ਉਸ ਨੂੰ ਛੇੜਿਆ।

“ਮੈਂ ਤਾਂ ਸਗੋਂ ਤੈਨੂੰ ਫ਼ੋਨ ਮਾਰਨਾ ਸੀ ਬਈ ਓਸ ਦਿਨ ਜਦੋਂ ਮੈਨੂੰ ਵਾਸ਼ਰੂਮ ਵਗੈਰਾ ਜਾਣਾ ਪਵੇ ਮੇਰੀ ਥਾਂ ਤੂੰ ਈ ਜਾ ਆਈਂ। ਮੈਨੂੰ ਤਾਂ ਓਦਣ ਟੈਮ ਨੀ ਮਿਲਣਾ।” ਫਿਰ ਉਹ ਥੋੜ੍ਹਾ ਰੁਕ ਕੇ ਬੋਲਿਆ, “ਉਡੀਕਦਿਆਂ ਨੂੰ ਮਸਾਂ ਤਾਂ ਇਹ ਰਾਤ ਆਉਂਦੀ ਆ। ਤੈਨੂੰ ਟੈਕਸੀ ਦੇ ਕੇ ਮੈਂ ਗੁਰਦੁਆਰੇ ਜਾ ਵੜਾਂ!”

“ਕਿਓਂ ਮੋਕ ਮਾਰਦੈਂ, ਮੈਂ ਤਾਂ ਐਵੇਂ ਛੇੜਦਾ ਸੀ,” ਮੈਂ ਕਿਹਾ।

“ਤੇਰਾ ਖਿਆਲ ਐ ਮੈਨੂੰ ਪਤਾ ਨੀ? ਤੂੰ ਕਿੱਧਰੋਂ ਆ ਗਿਆ ਰਾਤ ਨੂੰ ਚਲਾਉਣ ਆਲਾ! ਅੱਠ ਵਜੇ ਤਾਂ ਤੂੰ ਬਿਸਤਰੇ 'ਚ ਵੜ ਜਾਨੈ। ਨਾਲੇ ਸ਼ਰਾਬੀਆਂ ਨਾਲ ਨਜਿੱਠਣ ਲਈ ਦਮ ਚਾਹੀਦੈ,” ਆਖ ਕੇ ਭੋਲਾ ਮਿੰਨ੍ਹਾਂ ਜਿਹਾ ਹੱਸਿਆ।

“ਚੰਗਾ-ਚੰਗਾ। ਪਹਿਲੀ ਤਰੀਕ ਨੂੰ ਦਿਨ ਦੀ ਲੱਭਦੀਂ ਕੋਈ।”

ਕਦੇ-ਕਦੇ ਜਦੋਂ ਮੈਂ ਟੈਕਸੀ ਚਲਾਉਣੀ ਹੋਵੇ, ਮੈਂ ਆਪਣੇ ਮਿੱਤਰ ਭੋਲੇ ਨੂੰ ਟੈਕਸੀ ਲੱਭਣ ਲਈ ਆਖ ਦਿੰਦਾ ਹਾਂ। ਉਹ ਪੱਕਾ ਹੀ ਰਾਤ ਦੀ ਸ਼ਿਫਟ ਚਲਾਉਂਦਾ ਹੈ । 31 ਦਸੰਬਰ ਦੀ ਰਾਤ ਟੈਕਸੀ ਡਰਾਈਵਰਾਂ ਲਈ ਸਭ ਤੋਂ ਜ਼ਿਆਦਾ ਕਮਾਈ ਵਾਲੀ ਹੁੰਦੀ ਹੈ। ਉਸ ਰਾਤ ਲੋਕ ਨਵੇਂ ਸਾਲ ਨੂੰ ਜੀਅ ਆਇਆਂ ਆਖਣ ਲਈ ਆਪਣੇ ਪਰਿਵਾਰਾਂ, ਦੋਸਤਾਂ ਤੇ ਨਜ਼ਦੀਕੀਆਂ ਨਾਲ ਪਾਰਟੀਆਂ ਕਰਦੇ ਹਨ। ਤੇ ਬਾਰਾਂ ਵੱਜਣ ਦੀ ਉਡੀਕ ਕਰਦੇ ਹਨ ਤਾਂ ਕਿ ਰਲ-ਮਿਲ ਕੇ ਨਵੇਂ ਸਾਲ ਨੂੰ ਜੀਅ ਆਇਆਂ ਆਖ ਸਕਣ। ਸ਼ਰਾਬ ਦੀ ਵਰਤੋਂ ਵੀ ਸ਼ਾਇਦ ਇਸ ਰਾਤ ਸਭ ਤੋਂ ਜ਼ਿਆਦਾ ਹੁੰਦੀ ਹੋਵੇ। ਲੋਕ ਜਸ਼ਨ ਦੇ ਮੂਡ ਵਿਚ ਹੁੰਦੇ ਹਨ। ਵੈਨਕੂਵਰ ਇਲਾਕੇ ਵਿਚ ਉਸ ਸ਼ਾਮ ਸਰਕਾਰ ਬੱਸਾਂ ਅਤੇ ਸਕਾਈਟ੍ਰੇਨ ਦੀ ਸਵਾਰੀ ਵੀ ਮੁਫ਼ਤ ਕਰ ਦਿੰਦੀ ਹੈ। ਪਰ ਫਿਰ ਵੀ ਲੋਕਾਂ ਦੇ ਹਜ਼ੂਮ ਨੂੰ ਸਾਂਭਣ ਲਈ ਉਸ ਰਾਤ ਟੈਕਸੀਆਂ ਪੂਰੀਆਂ ਨਹੀਂ ਪੈਂਦੀਆਂ। ਲੋਕ ਸੜਕਾਂ ਦੇ ਆਸੇ-ਪਾਸੇ ਖੜ੍ਹੇ ਟੈਕਸੀਆਂ ਨੂੰ ਰੋਕਣ ਲਈ ਇਕ-ਦੂਜੇ ਤੋਂ ਮੂਹਰੇ ਹੋ ਹੋ ਕੇ ਹੱਥ ਹਿਲਾਉਂਦੇ ਹਨ। ਤੇ ਜਦੋਂ ਟੈਕਸੀ ਮਿਲ

ਜਾਂਦੀ ਹੈ ਤਾਂ ਬਹੁਤੇ ਲੋਕ ਟੈਕਸੀ ਰੋਕਣ ਲਈ ਡਰਾਈਵਰ ਦਾ ਧੰਨਵਾਦ ਕਰਦੇ

ਟੈਕਸੀਨਾਮਾ/41