ਪੰਨਾ:ਟੈਕਸੀਨਾਮਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਵਾਰ-ਵਾਰ ‘ਹੈਪੀ ਨਿਊ ਯੀਅਰ’ ਦੀਆਂ ਆਵਾਜ਼ਾਂ ਕੰਨਾਂ ਵਿਚ ਰਸ ਘੋਲਦੀਆਂ ਹਨ। ਡਾਲਰਾਂ ਦੇ ਨਾਲ ਨਾਲ ਇਸ ਰਸ ਖਾਤਰ ਮੈਨੂੰ ਪਹਿਲੀ ਜਨਵਰੀ ਨੂੰ ਟੈਕਸੀ ਚਲਾਉਣੀ ਚੰਗੀ ਲੱਗਦੀ ਹੈ।

ਟੈਕਸੀ ਦਾ ਬੰਦੋਬਸਤ ਕਰਕੇ ਅਗਲੇ ਦਿਨ ਹੀ ਭੋਲੇ ਨੇ ਫੋਨ ਕਰ ਦਿੱਤਾ। ਉਹ ਬੋਲਿਆ, “ਤਿੰਨ ਤੋਂ ਤਿੰਨ ਵਜੇ ਦੀ ਕਾਰ ਐ। ਟੈਮ ਨਾਲ ਲੱਗਜੀ ਜਾ ਕੇ।”

“ਚਾਰ ਵਜੇ ਆਲੀ ਨੀ ਸੀ ਮਿਲਦੀ। ਤਿੰਨ ਸੰਦੇਹਾਂ ਨੀ ਥੋੜ੍ਹਾ ਜਿਹਾ।”

“ਮੈਂ ਮਸਾਂ ਤਿੰਨ ਆਲੀ ਲੱਭਕੇ ਦਿੱਤੀ ਆ। ਓਹੀ ਟੈਮ ਤਾਂ ਕਮਾਈ ਦਾ ਹੁੰਦੈ। ਛੇ-ਸੱਤ ਵਜੇ ਤੋਂ ਬਆਦ 'ਚ ਤਾਂ ਵਾਜਾ ਵੱਜ ਜਾਂਦੈ। ਲੋਕ ਘਰੀਂ ਜਾ ਕੇ ਸੌਂ ਜਾਂਦੇ ਆ। ਫੇਰ ਓਥੇ ਕੀ ਹੁੰਦੈ ।”

“ਚੱਲ ਠੀਕ ਐ।”

“ਪਹੁੰਚ ਜੀਂ ਟੈਮ ਨਾਲ। ਮੈਂ ਰਾਤ ਆਲੇ ਡਰੈਵਰ ਨੂੰ ਵੀ ਆਖ ਦੇਊਂ ਬਈ ਟੈਮ ਨਾਲ ਆਜੇ।”

ਕਈ ਡਰਾਈਵਰ ਸਾਰੀ ਰਾਤ ਲਾ ਕੇ ਵੀ ਅਗਲੀ ਸਵੇਰ ਵੇਲੇ ਸਿਰ ਦਿਨ ਵਾਲੇ ਡਰਾਈਵਰ ਨੂੰ ਟੈਕਸੀ ਨਹੀਂ ਦਿੰਦੇ। ਦਿਨ ਵਾਲੇ ਡਰਾਈਵਰ ਫੋਨ ਕਰ ਕਰ ਕੇ ਜਾਂ ਡਿਸਪੈਚਰ ਰਾਹੀਂ ਪਹਿਲਾਂ ਹੀ ਰਾਤ ਵਾਲਿਆਂ ਨੂੰ ਤਾਕੀਦਾਂ ਕਰਨ ਲੱਗ ਜਾਂਦੇ ਹਨ ਕਿ ਵੇਲੇ ਸਿਰ ਪਹੁੰਚ ਜਾਣ। ਰਾਤ ਵਾਲੇ ਸਮੇਂ ਦਾ ਖਿਆਲ ਭੁੱਲ ਜਾਂਦੇ ਹੋਣਗੇ ਜਾਂ ਹੋਰ-ਹੋਰ ਦੇ ਲਾਲਚ ਵਿਚ ਫਸ ਜਾਂਦੇ ਹੋਣਗੇ। ਦਿਨ ਵਾਲਿਆਂ ਨੂੰ ਤਾਂਘ ਹੁੰਦੀ ਹੈ ਕਿ ਕਦੋਂ ਟੈਕਸੀ ਆਵੇ ਤੇ ਕਦੋਂ ਉਹ ਬਾਕੀ ਬਚਦੇ ਦੋ-ਤਿੰਨ ‘ਬਿਜ਼ੀ' ਘੰਟਿਆਂ ਦਾ ਲਾਭ ਉਠਾਉਣ। ਇਸ ਖਾਤਰ ਹੀ ਉਹ ਸਵੇਰੇ ਕੱਚੀ ਨੀਂਦੋਂ ਜਾਗ ਕੇ ਆਏ ਹੁੰਦੇ ਹਨ। ਪਿਛਲੀ ਰਾਤ ਵੀ ਉਨ੍ਹਾਂ 'ਚੋਂ ਬਹੁਤੇ ਪਰਿਵਾਰ ਨਾਲ ਨਵੇਂ ਸਾਲ ਦੇ ਜਸ਼ਨ ਵਿਚ ਸ਼ਾਮਿਲ ਨਹੀਂ ਹੋਏ ਹੁੰਦੇ। ਸਵੱਖਤੇ ਜੋ ਉੱਠਣਾ ਹੁੰਦਾ ਹੈ। ਅਜੇਹੇ ਹਾਲਾਤ ਵਿਚ ਜੇ ਉਨ੍ਹਾਂ ਨੂੰ ਸਮੇਂ ਸਿਰ ਪਹੁੰਚ ਕੇ ਵੀ ਉਡੀਕ ਕਰਨੀ ਪੈ ਜਾਵੇ ਤਾਂ ਉਹੀ ਜਾਣਦੇ ਹਨ ਕਿ ਉਨ੍ਹਾਂ 'ਤੇ ਕੀ ਬੀਤਦੀ ਹੋਵੇਗੀ। ਮੈਂ ਉਡੀਕ ਦੀ ਇਸ ਡਾਢੀ ਔਖੀ ਘੜੀ ਤੋਂ ਬਚਣ ਲਈ ਫੈਸਲਾ ਕੀਤਾ ਕਿ ਸਾਢੇ ਕੁ ਤਿੰਨ ਵਜੇ ਕੰਮ ਸ਼ੁਰੂ ਕਰਾਂਗਾ। ਇਸ ਖਾਤਿਰ ਮੈਂ ਢਾਈ ਵਜੇ ਦਾ ਅਲਾਰਮ ਲਾ ਲਿਆ। ਬੱਚੇ ਚਾਹੁੰਦੇ ਸੀ ਕਿ ਬਾਰਾਂ ਵਜੇ ਤੱਕ ਟੀਵੀ ਦੇਖਿਆ ਜਾਵੇ। ਪਰ ਮੈਂ ਸਾਢੇ ਕੁ ਅੱਠ ਵਜੇ ਤੱਕ ਹੀ ਪਰਿਵਾਰ ਨਾਲ ਟੀਵੀ ਦੇਖਿਆ। ਫਿਰ ਉਨ੍ਹਾਂ 'ਚੋਂ ਉੱਠ ਕੇ ਬਿਸਤਰੇ 'ਚ ਜਾ ਵੜਿਆ। ਬਾਰਾਂ ਵਜੇ ਕਾਰਾਂ ਦੇ ਹਾਰਨ ਵੱਜਣ ਨਾਲ ਨੀਂਦ ਖੁੱਲ੍ਹ ਗਈ। ਫਿਰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਅਲਾਰਮ ਵੱਜਣ ਤੋਂ ਪਹਿਲਾਂ ਹੀ ਦੋ ਪੰਦਰਾਂ 'ਤੇ ਮੈਂ ਉੱਠ ਖਲੋਤਾ ’ਤੇ ਸਵਾ ਤਿੰਨ ਟੈਕਸੀ ਵਿਚ ਜਾ ਬੈਠਾ। ਮੈਂ ਸ਼ੁਕਰ ਕੀਤਾ ਕਿ ਮੈਨੂੰ ਰਾਤ ਵਾਲੇ ਡਰਾਈਵਰ ਦੀ ਉਡੀਕ ਨਹੀਂ ਸੀ ਕਰਨੀ ਪਈ। ਮੈਂ ਡਾਊਨ-ਟਾਊਨ ਵੱਲ

ਚੱਲ ਪਿਆ। ਜੌਰਜੀਆ ਅਤੇ ਕੈਂਬੀ ਸਟਰੀਟ ਦੇ ਕੋਨੇ 'ਤੇ ਟੈਕਸੀ ਰੋਕੀ ਹੀ ਸੀ ਕਿ

42/ ਟੈਕਸੀਨਾਮਾ