ਪੰਨਾ:ਟੈਕਸੀਨਾਮਾ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਜਣੇ ਟੈਕਸੀ ਵੱਲ ਅਹੁਲੇ। ਉਨ੍ਹਾਂ 'ਚੋਂ ਤਿੰਨ ਟੈਕਸੀ ਵਿਚ ਬੈਠ ਗਏ। ਜੌਰਜੀਆ ਸਟਰੀਟ ਤੇ ਸੈਂਕੜੇ ਹੀ ਲੋਕ ਟੈਕਸੀ ਲਈ ਹੱਥ ਹਿਲਾ ਰਹੇ ਸਨ। ਮੈਂ ਕਾਹਲ਼ਾ ਸੀ ਕਿ ਕਦੋਂ ਇਹ ਸਵਾਰੀਆਂ ਉੱਤਰਨ ਤੇ ਕਦੋਂ ਮੈਂ ਹੋਰ ਚੁੱਕਾਂ। ਪਰ ਉਹ ਹਾਲੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਉਨ੍ਹਾਂ ਨੂੰ ਘਰ ਜਾਣ ਦੀ ਕਾਹਲ ਨਹੀਂ ਸੀ ਲੱਗਦੀ। ਉਨ੍ਹਾਂ ਨੇ ਜਿਹੜਾ ਪਤਾ ਦੱਸਿਆ ਸੀ, ਉਹ ਨਜ਼ਦੀਕ ਹੀ ਸੀ। ਉੱਥੇ ਪਹੁੰਚ ਉਨ੍ਹਾਂ 'ਚੋਂ ਇੱਕ ਨੇ ਘਰ ਅੰਦਰ ਜਾਣਾ ਸੀ। ਮੈਂ ਉਸ ਨੂੰ ਛੇਤੀ ਕਰਨ ਦੀ ਬੇਨਤੀ ਕੀਤੀ। ‘ਬੱਸ ਗਿਆ ਤੇ ਆਇਆ' ਆਖ ਕੇ ਉਹ ਟੈਕਸੀ ’ਚੋਂ ਬਾਹਰ ਨਿਕਲ ਗਿਆ। ਉਸ ਨੇ ਘਰ ਅੰਦਰ ਦੋ-ਤਿੰਨ ਮਿੰਟ ਹੀ ਲਾਏ ਹੋਣਗੇ ਪਰ ਇਹ ਸਮਾਂ ਵੀ ਮੈਨੂੰ ਪਹਾੜ ਜਿੱਡਾ ਲੱਗਾ। ਮੇਰੇ ਦਿਮਾਗ ਵਿਚ ਟੈਕਸੀ ਲਈ ਹਿੱਲ ਰਹੇ ਹੱਥ ਕਾਹਲ ਮਚਾ ਰਹੇ ਸਨ। ਭਾਵੇਂ ਟੈਕਸੀ ਦਾ ਕਿਰਾਏ ਵਾਲਾ ਮੀਟਰ ਚੱਲ ਰਿਹਾ ਸੀ। ਪਰ ਖੜ੍ਹੀ ਟੈਕਸੀ 'ਚ ਉਸਦੀ ਰਫ਼ਤਾਰ ਬਹੁਤ ਹੀ ਹੌਲੀ ਹੋ ਜਾਂਦੀ ਹੈ। ਉਸ ਘਰ ਤੋਂ ਚੱਲ ਕੇ ਉਹ ਇੱਕ ਹੋਰ ਘਰ ਗਏ ਤੇ ਫਿਰ ਉਨ੍ਹਾਂ ਨੇ ਨੇੜੇ ਹੀ ਇੱਕ ਮੈਕਸ ਸਟੋਰ 'ਤੇ ਟੈਕਸੀ ਰੁਕਵਾ ਲਈ। ਮੈਂ ਫਿਰ ‘ਛੇਤੀ ਕਰਨ ਦੀ ਤਾਕੀਦ ਕੀਤੀ। ‘ਰੀਲੈਕਸ ਮੈਨ, ਇਟਸ ਨਿਊ ਯੀਅਰ ਈਵ,” ਉਨ੍ਹਾਂ 'ਚੋਂ ਇੱਕ ਬੋਲਿਆ। ਮੀਟਰ ਦੀ ਰਫ਼ਤਾਰ ਫਿਰ ਹੌਲੀ ਹੋ ਗਈ ਤੇ ਮੇਰੇ ਅੰਦਰਲੀ ਕਾਹਲ ਫਿਰ ਤੇਜ਼ ਹੋ ਗਈ। ਉਨ੍ਹਾਂ ਨੇ ਮੇਰਾ ਅੱਧਾ ਘੰਟਾ ਲੈ ਲਿਆ। ਉੱਤਰਨ ਲੱਗਿਆਂ ਉਨ੍ਹਾਂ ਵੱਲੋਂ ਕਹੀ ‘ਹੈਪੀ ਨਿਊ ਯੀਅਰ’ ਮੈਨੂੰ ਵਿਉਹ ਵਰਗੀ ਲੱਗੀ। ‘ਜੇ ਇਹੀ ਬਿਨਾਂ ਕਿਤੇ ਰੁਕਿਆਂ ਟ੍ਰਿੱਪ ਹੁੰਦਾ ਤਾਂ ਮੀਟਰ ’ਤੇ ਦੁੱਗਣੇ -ਤਿੱਗਣੇ ਚੱਲਣੇ ਸਨ, ਸਾਲਿਆਂ ਨੇ ਦਿਹਾੜੀ ਗਾਲਤੀ,’ ਸੋਚ ਕੇ ਮੇਰੇ ਅੰਦਰਲੀ ਵਿਉਹ ਹੋਰ ਤਿੱਖੀ ਹੋ ਗਈ। ਪਰ ਇਹ ਛੇਤੀਂ ਹੀ ਫਿਰ ਰਸ ਵਿਚ ਬਦਲ ਗਈ। ਜਿੱਥੇ ਟ੍ਰਿੱਪ ਲਾਹੁੰਦਾ ਉੱਥੋਂ ਹੀ ਹੋਰ ਮਿਲ ਜਾਂਦਾ। ਸੱਤ ਵਜੇ ਤੱਕ ਚੱਲ ਸੋ ਚੱਲ ਰਹੀ। ਅੱਠ ਕੁ ਵਜੇ ਜਦੋਂ ਕੰਮ ਠੰਡਾ ਹੋ ਗਿਆ ਮੈਨੂੰ ਲੰਮਾ ਟ੍ਰਿੱਪ ਮਿਲ ਗਿਆ। ਫਿਰ ਕੀ ਸੀ! ‘ਨਿਊ ਯੀਅਰ’ ਦੀ ਇਹ ਸਵੇਰ ਹੋਰ ਵੀ ਚੰਗੀ ਚੰਗੀ ਹੋ ਗਈ। ਨੌਂ ਕੁ ਵਜੇ ਭੋਲੇ ਦਾ ਫੋਨ ਆ ਗਿਆ। ਫੋਨ 'ਤੇ ਆਇਆ ਉਸਦਾ ਨੰਬਰ ਪੜ੍ਹ ਕੇ ਮੈਂ ਸੋਚਿਆ ਕਿ ਇਹ ਐਡੀ ਛੇਤੀ ਜਾਗ ਵੀ ਪਿਆ। ਚਾਰ ਵਜੇ ਤੱਕ ਤਾਂ ਉਸ ਨੇ ਟੈਕਸੀ ਚਲਾਉਣੀ ਸੀ। ਫੋਨ ਖੋਹਲ ਕੇ ਮੈਂ ਝੱਟ ਕਿਹਾ, “ਹੈਪੀ ਨਿਊ ਯੀਅਰ!”

“ਕਾਹਦੀ ਹੈਪੀ ਨਿਊ ਯੀਅਰ,ਯਾਰ। ਰਾਤ ਟੈਕਸੀ ਖਰਾਬ ਹੋਗੀ।”

“ਅੱਛਾ! ਕੀ ਗੱਲ ਹੋਗੀ?” ਮੈਂ ਆਪਣੀ ਸੁਰ ਨੀਵੀਂ ਕਰ ਲਈ।

“ਨੌਂ ਕੁ ਵਜੇ ਬਿਲਟ ਟੁੱਟਗੀ।”

“ਫੇਰ?”

“ਫੇਰ ਕੀ। ਓਸ ਵੇਲੇ ਕੋਈ ਮਕੈਨਿਕ ਵੀ ਨੀ ਮਿਲਿਆ। ਟੈਕਸੀ ਆਲੇ ਗਰਾਜ 'ਚ ਲਿਜਾਣ ਲਈ ਘੰਟੇ ਬਾਅਦ ਟੋਅ ਟਰੱਕ ਵਾਲਾ ਆਇਆ। ਓਹ ਘੰਟਾ

ਮੈਨੂੰ ਈ ਪਤੈ ਕਿਵੇਂ ਕੱਢਿਐ। ਖਰਾਬ ਵੀ ਸਾਲੀ ਜਵ੍ਹਾਂ ਸਕਾਈ ਟ੍ਰੇਨ ਸਟੇਸ਼ਨ ਦੇ

ਟੈਕਸੀਨਾਮਾ/43