ਪੰਨਾ:ਟੈਕਸੀਨਾਮਾ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿੱਪ

ਮੈਂ ਬਾਗੋ-ਬਾਗ ਸੀ। ਇੱਕ ਘੰਟੇ ਵਿੱਚ ਹੀ ਸੱਤਰ ਡਾਲਰ ਬਣ ਗਏ ਸੀ। ਇਸ ਤਰ੍ਹਾਂ ਕਦੇ-ਕਦੇ ਹੀ ਹੁੰਦਾ ਹੈ। ਸਵਾਰੀ ਨੂੰ ਏਅਰਪੋਰਟ ’ਤੇ ਲਾਹ ਕੇ ਮੈਂ ਵੀਡਸ ਵੱਲ ਟੈਕਸੀ ਮੋੜ ਲਈ। ਸੋਚਿਆ ਕਿ ਹੁਣ ਭਾਵੇਂ ਏਅਰਪੋਰਟ ਤੋਂ ਟ੍ਰਿੱਪ ਦੀ ਕੁਝ ਉਡੀਕ ਵੀ ਕਰਨੀ ਪੈ ਜਾਵੇ ਤਾਂ ਕੋਈ ਚੱਕਰ ਨਹੀਂ। ਜੇ ਇਹ ਚੰਗਾ ਟ੍ਰਿੱਪ ਨਾ ਲੱਗਦਾ ਤਾਂ ਸ਼ਾਇਦ ਮੈਂ ਏਅਰਪੋਰਟ ’ਤੇ ਨਾ ਹੀ ਰੁਕਦਾ। ਡਾਊਨ-ਟਾਊਨ ਨੂੰ ਮੁੜ ਜਾਂਦਾ। ਏਅਰਪੋਰਟ 'ਤੇ ਕਈ ਵਾਰੀ ਉਡੀਕ ਕੁਝ ਜਿਆਦਾ ਹੀ ਲੰਬੀ ਹੋ ਜਾਂਦੀ ਹੈ। ਉੱਨੇ ਚਿਰ 'ਚ ਅਗਲਾ ਡਾਊਨ-ਟਾਊਨ ਵਾਪਸ ਮੁੜ ਕੇ ਵੀ ਦੋ ਟ੍ਰਿੱਪ ਲਾ ਲੈਂਦਾ ਹੈ। ਹੁਣ ਜਦੋਂ ਇੱਕ ਟ੍ਰਿੱਪ ਨੇ ਹੀ ਧੰਨ-ਧੰਨ ਕਰਾ ਦਿੱਤੀ ਸੀ ਤਾਂ ‘ਕਿਓਂ ਵਾਧੂ ਦੀ ਭੱਜ-ਨੱਠ ਕਰਨੀ ਆ। ਵੀਡਸ 'ਚ ਜਾ ਕੇ ਗੱਲਾਂ ਸੁਣਦੇ ਆਂ,’ ਇਹ ਸੋਚਕੇ ਮੈਂ ਉੱਥੇ ਹੀ ਰੁਕ ਗਿਆ।

ਇਹ ਟ੍ਰਿੱਪ ਬਰਾਡਵੇ ਤੇ ਓਕ ਸਟਰੀਟ ਨੇੜਿਓਂ ਮਿਲਿਆ ਸੀ। ਜਦੋਂ ਟੈਕਸੀ ਏਅਰਪੋਰਟ ਵਾਲੇ ‘ਆਰਥਰਲੇਇੰਗ ਬ੍ਰਿਜ’ ’ਤੇ ਪੁੱਜੀ ਤਾਂ ਸਵਾਰੀ ਜੇਬਾਂ ਟਟੋਲਣ ਲੱਗੀ। ਮੈਨੂੰ ਉਹ ਕੁਝ ਘਬਰਾਇਆ ਲੱਗਾ। ਫਿਰ ਉਸ ਨੇ ਆਪਣੇ ਹੱਥ ਵਾਲੇ ਥੈਲੇ ਨੂੰ ਖੋਲ੍ਹ ਕੇ ਦੇਖਿਆ। “ਮੈਂ ਆਪਣਾ ਪਾਸਪੋਰਟ ਘਰ ਭੁੱਲ ਆਇਐਂ,” ਉਸ ਨੇ ਕਿਹਾ। ਮੇਰੇ ਚਿੱਤ ’ਚ ਇਕਦਮ ਆਇਆ, ‘ਬਣਗੀ ਗੱਲ।’ ਉਹ ਫਿਰ ਬੋਲਿਆ, “ਮੇਰੀ ਉਡਾਣ ’ਚ ਡੇਢ ਘੰਟਾ ਹੀ ਰਹਿੰਦੈ, ਏਨੇ ਚਿਰ 'ਚ ਆਪਾਂ ਪਾਸਪੋਰਟ ਲਿਆ ਸਕਦੇ ਆਂ?”

“ਫਿਕਰ ਨਾ ਕਰ,” ਆਖਦਿਆਂ ਮੈਂ ਟੈਕਸੀ ਤੇਜ਼ ਕਰ ਦਿੱਤੀ। ਟੈਕਸੀ ਵਾਪਸ ਉਸਦੇ ਟਿਕਾਣੇ ਵੱਲ ਮੋੜ ਦਿੱਤੀ। ਜਦੋਂ ਵੀ ਟੈਕਸੀ ਕਿਸੇ ਲਾਲ ਬੱਤੀ ’ਤੇ ਰੁਕਦੀ, ਉਸਦੀ ਚਿੰਤਾ ਵਧ ਜਾਂਦੀ। ਮੈਂ ਉਸ ਨੂੰ ਧਰਵਾਸਾ ਦਿੰਦਾ ਤੇ ਬੱਤੀ ਦੇ ਹਰੀ ਹੁੰਦਿਆਂ ਹੀ ਮੈਂ ਟੈਕਸੀ ਨੂੰ ਆਸੇ-ਪਾਸੇ ਦੀ ਦੂਜੇ ਵਾਹਨਾਂ ਤੋਂ ਮੂਹਰੇ ਕੱਢਣ ਦੀ ਕੋਸ਼ਿਸ਼ ਕਰਦਾ ਜਾਂ ਇਸਦਾ ਦਿਖਾਵਾ ਕਰਦਾ ਤਾਂ ਕਿ ਉਸਦਾ ਚਿੱਤ ਜ਼ਿਆਦਾ ਕਾਹਲਾ ਨਾ ਪਵੇ। ਕਿਰਾਏ ਵਾਲਾ ਮੀਟਰ ਤੇਜ਼ੀ ਨਾਲ ਹਿੰਦਸੇ ਬਦਲ ਰਿਹਾ ਸੀ।

ਚੋਰੀਂ ਉਸ ਵੱਲ ਵੇਖ ਮੈਨੂੰ ਖੁਸ਼ੀ ਹੁੰਦੀ। ਇਕ ਵਾਰ ਮੇਰੀ ਨਜ਼ਰ ਮੀਟਰ ਤੋਂ ਝੱਟ

ਟੈਕਸੀਨਾਮਾ/45