ਪੰਨਾ:ਟੈਕਸੀਨਾਮਾ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੌਕਟਰੀਨ –ਦਾ ਡੀਸਾਸਟਰ ਕੈਪੀਟਲਿਜ਼ਮ। ਉਸ ਵਿਚ ਲੇਖਕ ਨੇ ਬੜੇ ਵਿਸਤਾਰ ਵਿਚ ਦੱਸਿਆ ਹੈ ਕਿ ਅਜੇਹੇ ਮੰਦਵਾੜੇ ਦੇ ਮੌਕਿਆਂ 'ਤੇ ਸਰਕਾਰਾਂ ਤੇ ਵੱਡੀਆਂ ਕਾਰਪੋਰੇਸ਼ਨਾਂ ਲੋਕਾਂ ਅੰਦਰਲੇ ਡਰ ਦਾ ਕਿਵੇਂ ਨਜਾਇਜ਼ ਫਾਇਦਾ ਉਠਾਉਂਦੀਆਂ ਹਨ। ਤੇ ਕਿਵੇਂ ਨਵੇਂ ਟੈਕਸ ਲਾਉਂਦੇ ਹਨ ਜਾਂ ਤਨਖਾਹਾਂ ਵਗੈਰਾ ਵਿਚ ਕੱਟ ਲਾਉਂਦੇ ਹਨ।”

“ਇਹ ਬਲੱਡੀ ਸੋਸ਼ਲਿਸਟਾਂ ਦਾ ਪ੍ਰਾਪੇਗੰਡਾ ਹੈ।”

ਮੈਨੂੰ ਉਸਦੀ ਗੱਲ ਚੁੱਭਦੀ ਹੈ। ਜੇ ਮੈਂ ਕੁਝ ਕਿਹਾ ਤਾਂ ਗੱਲ-ਬਾਤ ਹੋਰ ਤਿੱਖਾ ਰੁਖ ਅਖਤਿਆਰ ਕਰ ਸਕਦੀ ਹੈ। ਮੈਂ ਚੁੱਪ ਵੱਟ ਲੈਂਦਾ ਹਾਂ। ਏਅਰਪੋਰਟ 'ਤੇ ਜਾ ਕੇ ਉਹ ਕਰੈਡਿਟ ਕਾਰਡ ਮੂਹਰੇ ਕਰ ਦਿੰਦਾ ਹੈ। ਜੇ ਉਹ ਕਰੈਡਿਟ ਕਾਰਡ ਰਾਹੀਂ ਕਰਾਇਆ ਦਿੰਦਾ ਤਾਂ ਮੈਨੂੰ ਇਹ ਟ੍ਰਿੱਪ ਸੀਟ ’ਤੇ ਲਿਖਣਾ ਪਵੇਗਾ। ਜੇ ਕੈਸ਼ ਦੇਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਕਿਉਂ ਕਿ ਇਹ ਟ੍ਰਿੱਪ ਡਿਸਪੈਚ ਨਹੀਂ ਹੋਇਆ ਹੈ। ਕੰਪਿਊਟਰ ਵਿਚ ਇਸਦਾ ਕੋਈ ਰਿਕਾਰਡ ਨਹੀਂ ਹੈ। ਸਿੱਧਾ ਆਖਣਾ ਔਖਾ ਲੱਗਦਾ ਹੈ ਕਿ ਕੈਸ਼ ਦੇਵੇ। ਇਹ ਹੈ ਵੀ ਗਲਤ। ਇਸ ਕਰਕੇ ਮੈਂ ਆਪਣਾ ਇਕ ਟ੍ਰਿਕ ਵਰਤਦਾ ਹਾਂ। ਮੈਂ ਆਖਦਾ ਹਾਂ, “ਤੈਨੂੰ ਯਕੀਨ ਹੈ ਕਿ ਤੂੰ ਕਰੈਡਿਟ ਕਾਰਡ ਹੀ ਵਰਤਣਾ ਹੈ?”

“ਕੀ ਤੂੰ ਇਹ ਨਹੀਂ ਲੈਂਦਾ?”

“ਨਹੀਂ ਲੈ ਲੈਂਦਾ ਹਾਂ ਪਰ ਕੈਸ਼ ਨੂੰ ਤਰਜੀਹ ਦਿੰਦਾ ਹਾਂ।”

“ਮੈਨੂੰ ਦੁੱਖ ਹੈ। ਮੇਰੇ ਕੋਲ ਕੈਸ਼ ਨਹੀਂ ਹੈ।”

“ਕੋਈ ਗੱਲ ਨਹੀਂ,” ਆਖ ਕੇ ਮੈਂ ਕਰੈਡਿਟ ਕਾਰਡ ਫੜ ਲੈਂਦਾ ਹਾਂ ਅਤੇ ਕੰਪਿਊਟਰ ਵਿਚ ਉਸਦਾ ਨੰਬਰ ਪਾ ਕੇ ਉਸ ਦੇ ਪ੍ਰਮਾਣਿਕ ਹੋਣ ਦੀ ਪੜਤਾਲ ਕਰਦਾ ਹਾਂ। ਇਸ ਤੋਂ ਵੇਹਲਾ ਹੋ ਕੇ ਮੈਂ ਫਿਰ ਸ਼ਹਿਰ ਵੱਲ ਮੁੜ ਪੈਂਦਾ ਹਾਂ। ‘ਮੇਨ ਸਟਰੀਟ ਤੋਂ ਪੰਜਾਬੀ ਦਾ ਕੋਈ ਅਖਬਾਰ ਚੁੱਕ ਲਵਾਂਗਾ, ਸੋਚ ਕੇ ਮੈਂ ਟੈਕਸੀ ਉੱਧਰ ਕਰ ਲੈਂਦਾ ਹਾਂ। ਦਿਲ ’ਚ ਇੱਛਾ ਹੈ ਕਿ ਸ਼ਹਿਰ ਵੱਲ ਮੁੜਦਿਆਂ ਕੋਈ ਫਲੈਗ (ਰਾਹ ਜਾਂਦਿਆਂ ਸੜਕ ਤੋਂ ਮਿਲੀ ਸਵਾਰੀ) ਹੀ ਮਿਲ ਜਾਵੇ। ਪਰ ਇਹ ਇੱਛਾ ਪੂਰੀ ਨਹੀਂ ਹੁੰਦੀ। ਪੰਜਾਬੀ ਮਾਰਕੀਟ ਵਿਚ ਦੁਕਾਨਾਂ ਦੇ ਬਾਹਰ ਅਖਬਾਰਾਂ ਦੇ ਢੇਰ ਪਏ ਹਨ। ਇੱਕ ਅਖਬਾਰ ਚੁੱਕ ਕੇ ਮੈਂ ਪੜ੍ਹਨ ਲੱਗਦਾ ਹਾਂ। ਅੱਧੇ ਕੁ ਘੰਟੇ ਬਾਅਦ ਇਕ ‘ਸ਼ੌਰਟੀ’ ਮਿਲ ਜਾਂਦੀ ਹੈ। ਮੈਂ ਫਿਰ ਅਖਬਾਰ ਪੜ੍ਹਣ ਲੱਗਦਾ ਹਾਂ। ਪੰਦਰਾਂ ਕੁ ਮਿੰਟ ਬਾਅਦ ਫਿਰ ਟ੍ਰਿੱਪ ਮਿਲ ਜਾਂਦਾ ਹੈ। ਮੀਟਰ ’ਤੇ ਪੰਜ ਡਾਲਰ ਤੇ ਪੈਂਹਠ ਸੈਂਟ ਕਰਾਇਆ ਚੱਲਦਾ ਹੈ। ਉਹ ਵੀਹ ਡਾਲਰ ਦਾ ਨੋਟ ਮੂਹਰੇ ਕਰ ਤੇਰਾਂ ਡਾਲਰ ਦੀ ਮੰਗ ਕਰਦੀ ਹੈ। ਮੇਰੇ ਕੋਲ ਇਕ ਦਸ ਡਾਲਰ ਦਾ ਨੋਟ ਹੈ ਅਤੇ ਇੱਕ ਪੰਜ ਡਾਲਰ ਦਾ। ਘਰੋਂ ਲਿਆਂਦੀ ਬਾਕੀ ਭਾਨ ਮੁੱਕ ਚੁੱਕੀ ਹੈ। ਮੈਂ ਉਸ ਨੂੰ ਪੰਦਰਾਂ ਡਾਲਰ ਦੇ ਦਿੰਦਾ ਹਾਂ। ਇਹ ਪਤਾ ਨਹੀ ਕੀ ਚੱਕਰ ਹੈ ਕਿ ਕਿਸੇ ਦਿਨ ਤਾਂ

ਡਾਲਰ ਤੇ ਦੋ ਡਾਲਰ ਦੇ ਸਿੱਕਿਆਂ ਨਾਲ ਭਾਰ ਕਰਕੇ ਜੇਬ ਪਾਟਣ ’ਤੇ ਆ ਜਾਂਦੀ

60/ ਟੈਕਸੀਨਾਮਾ