ਪੰਨਾ:ਟੈਕਸੀਨਾਮਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਪੰਥ ਨੂੰ ਖਤਰਾ ਲੱਗਦਾ ਹੈ। ਕੱਲ੍ਹ ਇਸੇ ਸਮੇਂ, ਇਸੇ ਰੇਡੀਓ ਸਟੇਸ਼ਨ 'ਤੇ, ਇਸੇ ਸੰਚਾਲਕ ਨਾਲ ਕੁਰਸੀਆਂ ਦੇ ਹੱਕ ਵਿਚ ਬੋਲਣ ਵਾਲੇ ਪਹੁੰਚੇ ਹੋਏ ਸਨ। ਉਨ੍ਹਾਂ ਦੇ ਹਮਾਇਤੀ ਤੱਪੜਾਂ ਵਾਲਿਆਂ ਤੋਂ ਕੌਮ ਨੂੰ ਖਤਰਾ ਦੱਸ ਰਹੇ ਸਨ। ਰੇਡੀਓ ਸੁਣਦਿਆਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅੱਧਾ ਘੰਟਾ ਲੰਘ ਗਿਆ। ਸਟੈਂਡ 'ਤੇ ਖੜ੍ਹੀ ਦੂਜੀ ਟੈਕਸੀ ਵਾਲਾ ਸ਼ੀਸ਼ਾ ਹੇਠ ਕਰਕੇ ਪੁੱਛਦਾ ਹੈ, “ਰੇਡੀਓ ਸੁਣਦੈਂ?”

‘‘ਹਾਂ।”

“ਸੰਤ ਆਲੀ ਗੱਲ-ਬਾਤ ਸੁਣਦੈਂ?”

“ਨਹੀਂ, ਗੁਰਦੁਆਰੇ ਆਲੀਆਂ ਚੋਣਾਂ ਵਾਲੀ।”

“ਦੂਜੇ ਸਟੇਸ਼ਨ ’ਤੇ ਲਾ, ਉੱਥੇ ਜ਼ਿਆਦਾ ਰੌਣਕਾਂ। ਮੈਂ ਵੀ ਕਾਲ ਕਰਨ ਲੱਗੈਂ,” ਆਖ ਕੇ ਉਹ ਸ਼ੀਸ਼ਾ ਉੱਪਰ ਚੜ੍ਹਾ ਲੈਂਦਾ ਹੈ। ਬਾਹਰ ਠੰਡ ਹੈ। ਮੈਂ ਸਟੇਸ਼ਨ ਬਦਲ ਲੈਂਦਾ ਹਾਂ। ਇਸ ਸਟੇਸ਼ਨ ਨੂੰ ਸੁਣ ਕੇ ਲੱਗਦਾ ਹੈ ਕਿ ਕੌਮ ਲਈ ਇਹ ਵੱਡਾ ਸੰਕਟ ਹੈ। ਇੱਕ ਗਾਉਣ ਵਾਲੇ ਨੇ ਆਪਣੇ ਗੀਤ ਵਿਚ ਇਕ ਸੰਤ ’ਤੇ ਵਿਅੰਗ ਕੱਸ ਦਿੱਤਾ। ਜਵਾਬ ਵਿਚ ਸੰਤ ਨੇ ਗਾਇਕ ਦੇ ਪੋਤੜੇ ਫੋਲ ਦਿੱਤੇ। ਨਾਲ ਵਾਲੀ ਟੈਕਸੀ ਸਟਾਰਟ ਹੋ ਜਾਂਦੀ ਹੈ। ਮੈਂ ਸੀਸ਼ਾ ਥੱਲੇ ਕਰਕੇ ਪੁੱਛਦਾ ਹਾਂ, “ਕਰਤੀ ਕਾਲ?”

“ਨਹੀਂ ਯਾਰ, ਲਾਈਨ ਈ ਨੀਂ ਮਿਲੀ। ਬਿਜ਼ੀ ਬਹੁਤ ਐ।” ਐਂ ਲੱਗਦੈ ਜਿਵੇਂ ਸਾਰੀ ਕਮਿਊਨਿਟੀ ਈ ਇਸ ਸਦਮੇ ਦੀ ਮਾਰ 'ਚ ਹੋਵੇ।”

“ਟੈਮ ਪਾਸ ਕਰਦੇ ਆਂ ਭਰਾ। ਏਨੇ ਨਾਲ ਟੈਮ ਲੰਘ ਜਾਂਦੈ। ਨਹੀਂ ਤਾਂ ਕੰਪਿਊਟਰ ਸਕਰੀਨ ਵੱਲ ਈ ਝਾਕੀ ਜਾਈਦੈ ਕਿ ਹੁਣ ਟ੍ਰਿੱਪ ਆਇਆ ਕਿ ਹੁਣ ਆਇਆ। ਚੰਗਾ, ਮੈਂ ਤਾਂ ਚੱਲਦੈਂ। ਮਿਲ ਗਿਆ ਟ੍ਰਿੱਪ, ਤੂੰ ਕਰ ਟੈਮ ਪਾਸ ਲੋਕਾਂ ਦੇ ਪ੍ਰਵਚਨ ਸੁਣ ਕੇ," ਆਖ ਕੇ ਉਹ ਡੰਡੀ ਪਿਆ। ਮੈਨੂੰ ਵੀ ਮਗਰ ਹੀ ਟ੍ਰਿੱਪ ਡਿਸਪੈਚ ਹੋ ਗਿਆ। ਜਦ ਉਹ ਔਰਤ ਘਰ 'ਚੋਂ ਨਿਕਲੀ, ਮੈਂ ਅੰਦਾਜ਼ਾ ਲਾ ਲਿਆ ਕਿ ਏਅਰਪੋਰਟ ਦਾ ਟ੍ਰਿੱਪ ਹੋਵੇਗਾ। ਉਸ ਕੋਲ ਵੱਡਾ ਸੂਟਕੇਸ ਅਤੇ ਹੈਂਡਬੈਗ ਹਨ। ਮੈਂ ਉਸਦੀ ਮੱਦਦ ਕਰਨ ਲਈ ਦੋ ਕੁ ਕਦਮ ਪੁੱਟ ਕੇ ਉਸ ਤੋਂ ਸੂਟਕੇਸ ਦਾ ਹੱਥਾ ਫੜ ਲੈਂਦਾ ਹਾਂ। ਟ੍ਰਿੱਪ ਇਹ ਏਅਰਪੋਰਟ ਦਾ ਹੀ ਹੈ, ਪਰ ਉਸਨੇ ਉੱਥੇ ਟੈਕਸੀ ਰਾਹੀਂ ਨਹੀਂ, ਟ੍ਰੇਨ ਰਾਹੀਂ ਜਾਣਾ ਹੈ। ਉਹ ਮੈਨੂੰ ਬਰਾਡਵੇ ਤੇ ਕੈਂਬੀ ਵਾਲੇ ਸਟੇਸ਼ਨ 'ਤੇ ਛੱਡਣ ਲਈ ਆਖਦੀ ਹੈ। ਇਸ ਨਵੀਂ ਟ੍ਰੇਨ ਨੇ ਟੈਕਸੀਆਂ ਦਾ ਏਅਰਪੋਰਟ ਦਾ ਬਹੁਤ ਸਾਰਾ ਕੰਮ ਖੋਹ ਲਿਆ ਹੈ। ਇਹ ‘ਸ਼ੌਰਟੀ’ ਲਾ ਕੇ ਮੈਂ ਫਿਰ ਪਲਾਜ਼ਾ 500 ਹੋਟਲ ਵੱਲ ਜਾਣ ਬਾਰੇ ਸੋਚਦਾ ਹਾਂ। ਉਹ ਨਜ਼ਦੀਕ ਹੀ ਹੈ ਪਰ ਉੱਥੇ ਪਹਿਲਾਂ ਹੀ ਦੋ ਟੈਕਸੀਆਂ ਬੁੱਕ ਹਨ। ਮੈਂ ਟੈਕਸੀ 150 ਜ਼ੋਨ ਵਿਚ ਬੁੱਕ ਕਰਵਾ ਹਾਵਰਡ ਜੌਨਸਨ ਹੋਟਲ ਵੱਲ ਚੱਲ ਪੈਂਦਾ ਹਾਂ। ਬਰਾਡਵੇ ਤੇ ਕਿੰਗਜ਼ਵੇਅ ਦੇ ਕੋਨੇ

'ਤੇ ਖੜ੍ਹੀ ਇਕ ਕੁੜੀ ਟੈਕਸੀ ਰੋਕਣ ਦਾ ਇਸ਼ਾਰਾ ਕਰਦੀ ਹੈ। ਉਸਦੇ ਕੱਪੜੇ

62/ ਟੈਕਸੀਨਾਮਾ