ਪੰਨਾ:ਟੈਕਸੀਨਾਮਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੜਕੀਲੇ ਹਨ। ਹੱਥ ਵਿਚ ਸਿਗਰਟ ਹੈ। ਟੈਕਸੀ ਵਿਚ ਬੈਠਣ ਲੱਗਿਆਂ ਉਹ ਸਿਗਰਟ ਬਾਹਰ ਨਹੀਂ ਸੁੱਟਦੀ। ਸਗੋਂ ਧੂੰਆਂ ਉਡਾ ਕੇ ਆਖਦੀ ਹੈ, “ਬਰਾਡਵੇ ਸਟੇਸ਼ਨ।” ਮੈਂ ਆਖਦਾ ਹਾਂ, “ਆਈ ਐਮ ਸੌਰੀ ਮੈਡਮ, ਦਿਸ ਇਜ਼ ਨਾਨ- ਸਮੋਕਿੰਗ ਕੈਬ।” ਮੈਨੂੰ ਲੱਗਦਾ ਹੈ ਕਿ ਉਹ ਸੁਣ ਕੇ ਸਿਗਰਟ ਬਾਹਰ ਸੁੱਟ ਦੇਵੇਗੀ। ਪਰ ਉਹ ਟੈਕਸੀ ਵਿੱਚੋਂ ਬਾਹਰ ਨਿਕਲ ਕੇ ਆਖਦੀ ਹੈ, “ਫੱਕ ਯੂ ਦੈਨ।” ਟੈਕਸੀ ਦਾ ਦਰਵਾਜ਼ਾ ਉਹ ਉਵੇਂ ਹੀ ਖੁੱਲ੍ਹਾ ਛੱਡ ਜਾਂਦੀ ਹੈ। ਮੈਂ ਟੈਕਸੀ ’ਚੋਂ ਉੱਤਰ ਕੇ ਦਰਵਾਜ਼ਾ ਬੰਦ ਕਰਦਾ ਹਾਂ ਅਤੇ ਹੌਵਰਡ ਜੌਨਸਨ ਹੋਟਲ ਵੱਲ ਚੱਲ ਪੈਂਦਾ ਹਾਂ। ਆਪਣੇ ਨਾਲ ਲਿਆਂਦੇ ਫਲਾਂ ਵਿੱਚੋਂ ਮੈਂ ਕੇਲਾ ਖਾ ਲੈਂਦਾ ਹਾਂ। ਛਿਲਕਾ ਸੁੱਟਣ ਗਿਆ ਅੰਗੜਾਈ ਲੈ ਕੇ ਲੱਤਾਂ-ਬਾਹਾਂ ਸਿੱਧੀਆਂ ਕਰ ਲੈਂਦਾ ਹਾਂ। ਇਸ ਜ਼ੋਨ ਵਿੱਚੋਂ ਗਰੈਨਵੈੱਲ ਆਈਲੈਂਡ ਦਾ ਟ੍ਰਿੱਪ ਮਿਲ ਜਾਂਦਾ ਹੈ। ਉਸ ਨੂੰ ਉਤਾਰ ਕੇ ਮੈਂ ਡਾਊਨ-ਟਾਊਨ ਜਾਣ ਲਈ ਬੁਰਾਰਡ ਸਟਰੀਟ ਵੱਲ ਟੈਕਸੀ ਪਾ ਲੈਂਦਾ ਹਾਂ। ਰਾਹ ਵਿੱਚੋਂ ਹੀ ਇਕ ਮੁੰਡਾ ਟੈਕਸੀ ਰੋਕਣ ਦਾ ਇਸ਼ਾਰਾ ਕਰਦਾ ਹੈ। ਉਸ ਕੋਲ ਸਨੋਅ ਬੋਰਡ ਚੁੱਕਿਆ ਹੋਇਆ ਹੈ। ਟੈਕਸੀ ਰੁਕਦਿਆਂ ਹੀ ਉਹ ਪੁੱਛਦਾ ਹੈ, “ਨੌਰਥ ਵੈਨਕੂਵਰ ਲਿਜਾ ਸਕਦੈਂ।”

“ਯਕੀਨਨ,” ਆਖ ਕੇ ਮੈਂ ਉਸਦਾ ਸਨੋਅ ਬੋਰਡ ਫੜ ਕੇ ਟੈਕਸੀ ਦੇ ਟਰੰਕ ਵਿਚ ਰੱਖਣ ਲਈ ਟੈਕਸੀ ’ਚੋਂ ਬਾਹਰ ਨਿਕਲਣ ਲਈ ਅਹੁਲਦਾ ਹਾਂ ਪਰ ਉਹ ਮੈਨੂੰ ਬੈਠਾ ਰਹਿਣ ਲਈ ਆਖ ਕੇ ਟਰੰਕ ਖੋਲ੍ਹਣ ਦਾ ਇਸ਼ਾਰਾ ਕਰਦਾ ਹੈ। ਆਪਣੇ ਸਨੋਅ ਬੋਰਡ ਟਿਕਾਅ ਕੇ ਉਹ ਮੇਰੇ ਬਰਾਬਰ ਮੂਹਰਲੀ ਸੀਟ 'ਤੇ ਆਣ ਬੈਠਦਾ ਹੈ। ਉਸ ਨੇ ਸਾਈਪਰਸ ਪਹਾੜ ’ਤੇ ਬਰਫ਼ ਵਿਚ ਖੇਡਣ ਜਾਣਾ ਹੈ। ਉਸ ਨੇ ਨੌਰਥ ਵੈਨਕੂਵਰ ਤੋਂ ਉੱਥੋਂ ਦੀ ਬੱਸ ਲੈਣੀ ਹੈ। ਪਹਾੜਾਂ 'ਤੇ ਸਾਲ ਦੀ ਪਹਿਲੀ ਬਰਫ਼ ਪੈ ਚੁੱਕੀ ਹੈ। ਉਹ ਬਹੁਤ ਉਤਸ਼ਾਹਤ ਹੈ। ਗੱਲਾਂ ਦਾ ਗਲਾਧੜ। ਲੰਮੇ ਟ੍ਰਿੱਪ ਲਈ ਮੈਨੂੰ ਐਹੋ-ਜਿਹੀਆਂ ਸਵਾਰੀਆਂ ਚੰਗੀਆਂ ਲੱਗਦੀਆਂ ਹਨ। ਗੱਲਾਂ ਦੀ ਸ਼ੁਰੂਆਤ ਕਰਨ ਲਈ ਦਿਮਾਗ ਨੂੰ ਕਸ਼ਟ ਨਹੀਂ ਦੇਣਾ ਪੈਂਦਾ। ਉਹ ਮੈਨੂੰ ਵੀ ਕਿਸੇ ਦਿਨ ‘ਸਨੋਅ ਬੋਰਡਿੰਗ’ ਕਰਨ ਦੀ ਸਲਾਹ ਦਿੰਦਾ ਹੈ। ਨੌਰਥ ਵੈਨਕੂਵਰ ਤੋਂ ਬੱਸ ਦੇ ਚੱਲਣ ਵਿਚ ਹਾਲੇ ਘੰਟਾ ਪਿਆ ਹੈ। ਪਹਾੜ ਤੋਂ ਵਾਪਸੀ ਲਈ ਚਾਰ ਵਜੇ ਆਖਰੀ ਬੱਸ ਚਲਦੀ ਹੈ। ਫਿਰ ਮੇਰੇ ਕੋਲ ਖੇਡਣ ਲਈ ਕੀ ਸਮਾਂ ਬਚੇਗਾ?” ਉਹ ਆਖਦਾ ਹੈ। ਫਿਰ ਉਹ ਅੱਧਾ ਕੁ ਮਿੰਟ ਚੁੱਪ ਰਹਿ ਕੇ ਆਖਦਾ ਹੈ, “ਪਹਾੜ ’ਤੇ ਚੱਲੇਂਗਾ?” ਮੈਨੂੰ ਯਕੀਨ ਨਹੀਂ ਆਉਂਦਾ। ਲੱਗਦਾ ਹੈ ਕਿ ਉਹ ਮਜ਼ਾਕ ਕਰਦਾ ਹੈ। ਉਹ ਫਿਰ ਆਖਦਾ ਹੈ, “ਚੱਲ ਚੱਲੀਏ, ਯਾਰ।” ਮੇਰੀ ‘ਓ ਕੇ’ ਸੁਣਦਿਆਂ ਹੀ ਉਹ ਪੁੱਛਦਾ ਹੈ, “ਕਰੈਡਿਟ ਕਾਰਡ ਲੈ ਲਵੇਂਗਾ।”

ਉਸਦਾ ਖੁੱਲ੍ਹਾ-ਡੁੱਲਾ ਵਤੀਰਾ ਦੇਖ ਕੇ ਮੈਂ ਸਿੱਧਾ ਹੀ ਆਖ ਦਿੰਦਾ ਹਾਂ, “ਕਿਸੇ ਬੈਂਕ ਮਸ਼ੀਨ ’ਚੋਂ ਕੈਸ਼ ਕਢਾ ਲੈ।” ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸਗੋਂ ਉਹ

ਆਖਦਾ ਹੈ, “ਇਹ ਵਧੀਆ ਸੁਝਾਅ ਹੈ। ਇਸ ਬਹਾਨੇ ਕੌਫੀ ਵੀ ਲੈ ਲਵਾਂਗਾ।”

ਟੈਕਸੀਨਾਮਾ/63