ਪੰਨਾ:ਟੈਕਸੀਨਾਮਾ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਮੈਕਡੋਨਲਡ ਤੋਂ ਚਿਕਨ ਨਗਟ’ ਦਾ ਰੌਲਾ ਪਾਉਂਦਾ ਹੈ। ਉਹ ਆਪਸ ਵਿਚ ਖਹਿਬੜਣ ਲੱਗਦੇ ਹਨ। ਮੈਂ ਦੋਹੇਂ ਚੀਜ਼ਾਂ ਲੈ ਆਉਣ ਦਾ ਵਾਅਦਾ ਕਰਦਾ ਹਾਂ। ਮੈਂ ਮਾਂ ਦਾ ਹਾਲ ਪੁੱਛਣ ਲਈ ਫੋਨ ਉਸ ਨੂੰ ਫੜਾਉਣ ਲਈ ਆਖਦਾ ਹਾਂ। ਫੋਨ ਫੜ ਕੇ ਉਹ ਪੁੱਛਦੀ ਹੈ, “ਆਉਂਦੇ ਨੂੰ ਕੀ ਬਣਾ ਕੇ ਰੱਖਾਂ, ਸਵੇਰ ਦਾ ਗਿਐਂ।”

ਫੋਨ 'ਤੇ ਗੱਲ ਕਰਦਿਆਂ ਮੇਰੀ ਨਿਗਾਹ ਸੜਕ ਦੇ ਦੂਸਰੇ ਪਾਸੇ ਟੈਕਸੀ ਲਈ ਹੱਥ ਹਿਲਾ ਰਹੀ ਕੁੜੀ ’ਤੇ ਪੈਂਦੀ ਹੈ। ਮੈਂ ਝੱਟ ਫ਼ੋਨ ਬੰਦ ਕਰ ਦਿੰਦਾ ਹਾਂ। ਇਹ ਸੜਕ ਕਮਰਸ਼ੀਅਲ ਡਰਾਈਵ ਕਾਫੀ ਟ੍ਰੈਫਿਕ ਵਾਲੀ ਹੈ। ਜੇ ਟ੍ਰੈਫਿਕ ਲਾਈਟਾਂ ਤੋਂ ਟੈਕਸੀ ਮੋੜ ਕੇ ਲਿਆਵਾਂ ਤਾਂ ਉਦੋਂ ਤੱਕ ਕੋਈ ਹੋਰ ਟੈਕਸੀ ਇਸ ਨੂੰ ਚੁੱਕ ਸਕਦੀ ਹੈ। ਮੈਂ ਆਸਾ-ਪਾਸਾ ਦੇਖ ਕੇ ਯੂ-ਟਰਨ ਮਾਰਦਾ ਹਾਂ ਅਤੇ ਕੁੜੀ ਦੇ ਮੂਹਰੇ ਟੈਕਸੀ ਰੋਕ ਦਿੰਦਾ ਹਾਂ। ਇਸ ਕੁੜੀ ਨੇ ਮੈਰੀਨ ਡਰਾਈਵ ਤੇ ਮੇਨ ਸਟਰੀਟ 'ਤੇ ਜਾਣਾ ਹੈ। ਚੰਗਾ ਟ੍ਰਿੱਪ ਹੈ। ਦਸਾਂ ਡਾਲਰਾਂ ਤੋਂ ਉੱਪਰ ਦੇ ਟ੍ਰਿੱਪ ਨੂੰ ਮੈਂ ਚੰਗਾ ਟ੍ਰਿੱਪ ਹੀ ਮੰਨਦਾ ਹਾਂ। ਉਸ ਨੂੰ ਕਾਹਲੀ ਹੈ। ਕੰਮ ਲਈ ਲੇਟ ਹੋ ਰਹੀ ਹੈ। ਤੇਜ਼ ਚੱਲਣ ਦੀ ਬੇਨਤੀ ਕਰਕੇ ਆਪਣੇ ਫੋਨ ਨਾਲ ਖੇਡਣ ਲੱਗ ਜਾਂਦੀ ਹੈ। ਮੈਨੂੰ ਇਹ ਚੰਗਾ ਲੱਗਦਾ ਹੈ। ਜੇ ਇਹ ਖੇਡਣ ਵਿਚ ਨਾ ਰੁੱਝਦੀ ਤਾਂ ਇਸ ਨੇ ਤੇਜ਼ ਚੱਲਣ ਲਈ ਅੱਗ ਮਚਾਉਣੀ ਸੀ।

ਉਸ ਤੋਂ ਬਾਅਦ ਮੈਂ ਦੋ ਹੋਰ ਨਿੱਕੇ-ਨਿੱਕੇ ਟ੍ਰਿੱਪ ਲਾਉਂਦਾ ਹਾਂ। ਤਿੰਨ ਵਜੇ ਗਏ ਹਨ। ਮੇਰੀ ਇੱਛਾ ਹੈ ਕਿ ਇੱਕ ਹੋਰ ਛੋਟਾ ਜਿਹਾ ਟ੍ਰਿੱਪ ਮਿਲੇ। ਲੰਮੇ ਟ੍ਰਿੱਪ ਲਈ ਸਮਾਂ ਨਹੀਂ ਹੈ।ਤਿੰਨ ਤੋਂ ਪੰਜ ਵਜੇ ਦੇ ਵਿਚਕਾਰ ਟੈਕਸੀਆਂ ਦੇ ਸ਼ਿਫਟ ਬਦਲਣ ਦਾ ਸਮਾਂ ਹੈ। ਕੋਈ ਤਿੰਨ ਵਜੇ ਬਦਲਦਾ ਹੈ, ਕੋਈ ਚਾਰ ਕੋਈ ਸਾਢੇ ਚਾਰ। ਮੇਰੀ ਟੈਕਸੀ ਦਾ ਸਮਾਂ ਚਾਰ ਵਜੇ ਦਾ ਹੈ। ਇਸ ਵੇਲੇ ਕੰਪਿਊਟਰ ਤੇ ਮਿਲਣ ਵਾਲੇ ਟ੍ਰਿੱਪ ਵਿਚ ਸਵਾਰੀ ਦੀ ਡੈਸਟੀਨੇਸ਼ਨ ਵੀ ਦੱਸੀ ਹੁੰਦੀ ਹੈ ਤਾਂ ਕਿ ਡਰਾਈਵਰ ਫੈਸਲਾ ਕਰ ਸਕੇ ਕਿ ਉਸ ਕੋਲ ਇਸ ਟ੍ਰਿੱਪ ਲਈ ਸਮਾਂ ਹੈ ਜਾਂ ਨਹੀਂ। ਜੇ ਇਸ ਵੇਲੇ ਮਿਲੇ ਟ੍ਰਿੱਪ ਦੀ ਡੈਸਟੀਨੇਸ਼ਨ ਦੂਰ ਦੀ ਲਿਖੀ ਹੋਵੇ ਤਾਂ ਚਿੱਤ ਵਿਚ ਖ਼ੋਹ ਪੈਣ ਲੱਗਦੀ ਹੈ ਕਿ ਜੇ ਕਿਤੇ ਇਹੀ ਟ੍ਰਿੱਪ ਅੱਧਾ ਘੰਟਾ ਪਹਿਲਾਂ ਮਿਲ ਜਾਂਦਾ! ਲੱਗਦਾ ਨਹੀਂ ਕਿ ਛੋਟੇ ਟ੍ਰਿੱਪ ਦੀ ਇੱਛਾ ਪੂਰੀ ਹੋਵੇਗੀ। ਸਾਢੇ ਕੁ ਤਿੰਨ ਵਜੇ ਜਾ ਕੇ ਜ਼ੋਨ ਵਿਚ ਪਹਿਲਾ ਨੰਬਰ ਹੁੰਦਾ ਹੈ। ਪਰ ਹੁਣ ਛੋਟੇ ਟ੍ਰਿੱਪ ਦਾ ਵੀ ਸਮਾਂ ਨਹੀਂ ਹੈ। ਟੈਕਸੀ ਵਿਚ ਗੈਸ ਪਵਾ ਕੇ ਮੈਂ ਟ੍ਰਿੱਪ ਸ਼ੀਟ ਪੂਰੀ ਕਰਦਾ ਹਾਂ। ਜਿਹੜੇ ਟ੍ਰਿੱਪ ਡਿਸਪੈਚ ਨਹੀਂ ਹੋਏ, ਉਹ ਮੈਂ ਸ਼ੀਟ ਵਿਚ ਨਹੀਂ ਭਰਦਾ। ਜੇ ਉਹ ਭਰਦਾ ਹਾਂ ਤਾਂ ਉਨ੍ਹਾਂ 'ਤੇ ਵੀ ਟੈਕਸ ਕਟਵਾਉਣਾ ਪੈਣਾ ਹੈ। ਉਨ੍ਹਾਂ ’ਤੇ ਟੈਕਸ ਤੋਂ ਬਚਣਾ ਚਾਹੁੰਦਾ ਹਾਂ। ਉਨ੍ਹਾਂ ਦਾ ਅੱਧ ਕਰਕੇ ਮੈਂ ਟੈਕਸੀ ਮਾਲਕ ਨੂੰ ਕੈਸ਼ ਦੇ ਦਿੰਦਾ ਹਾਂ। ਇਹ ਮਾਲਕ ਦੇ ਹਿੱਤ ਵਿਚ ਵੀ ਹੈ ਤੇ ਮੇਰੇ ਵੀ। ਬਾਰਾਂ ਘੰਟਿਆਂ ਦੀ ਦਿਹਾੜੀ ਲਾ ਕੇ ਸਰੀਰ ਥੱਕ ਕੇ ਚੁਰ ਹੋਇਆ

ਪਿਆ ਹੈ। ਸਿਰ ਪਾਟਣ-ਪਾਟਣ ਕਰ ਰਿਹਾ ਹੈ। ਜੇਬ ਵਿਚਲੇ ਨੋਟ: ਮੇਰੀ ਕਮਾਈ,

ਟੈਕਸੀਨਾਮਾ/65