ਪੰਨਾ:ਟੈਕਸੀਨਾਮਾ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਾਉਣੀ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਮੇਰੀ ਆਪਣੀ ਟੈਕਸੀ ਹੋਵੇ ਤਾਂ ਕਿ ਟੈਕਸੀ ਦੇ ਮਾਲਕ ਨੂੰ 55% *ਕਮਾਈ ਨਾ ਦੇਣੀ ਪਵੇ। ਪਰ ਕੰਪਨੀ ਵਾਲੇ ਮੈਨੂੰ ਟੈਕਸੀ ਵੇਚਦੇ ਨਹੀਂ ਸੀ। ਫਿਰ ਮੈਂ ਸਿਟੀ ਹਾਲ ਨੂੰ ਚਿੱਠੀ ਲਿਖੀ ਕਿ ਮੇਰੇ ਕੋਲ ਟੈਕਸੀ ਚਲਾਉਣ ਦਾ ਤਜਰਬਾ ਹੈ ਇਸ ਕਰਕੇ ਮੈਨੂੰ ਆਪਣੀ ਟੈਕਸੀ ਪਾਉਣ ਦਾ ਲਾਈਸੈਂਸ ਦਿੱਤਾ ਜਾਵੇ। ਉਨ੍ਹਾਂ ਨੇ ਜਵਾਬ ਲਿਖ ਭੇਜਿਆ ਕਿ ਅਸੀਂ ਟੈਕਸੀ ਦਾ ਨਵਾਂ ਲਾਈਸੈਂਸ ਨਹੀਂ ਦੇ ਸਕਦੇ। ਜੇ ਕੋਈ ਹੋਰ ਵੇਚਦਾ ਹੈ ਤਾਂ ਤੂੰ ਉਸ ਕੋਲੋਂ ਖਰੀਦ ਸਕਦਾ ਹੈਂ। ਜਿਸ ਗੋਰੇ ਦੀ ਮੈਂ ਵੀਕਐਂਡ 'ਤੇ ਟੈਕਸੀ ਚਲਾਉਂਦਾ ਸੀ, ਉਸ ਨੂੰ ਮੈਂ ਉਹ ਸਿਟੀ ਹਾਲ ਵਾਲੀ ਚਿੱਠੀ ਦਿਖਾਈ ਤੇ ਟੈਕਸੀ ਖ੍ਰੀਦਣ ਦੀ ਇੱਛਾ ਦੱਸੀ ਤਾਂ ਉਹ ਕਹਿੰਦਾ ਕਿ ਉਸਦੀ ਟੈਕਸੀ ਖ੍ਰੀਦ ਲਵਾਂ। ਮੈਂ ਟੈਕਸੀ ਖ੍ਰੀਦ ਲਈ। ਹੋਰ ਗੋਰੇ ਮਾਲਕ ਮੇਰੇ ਨਾਲ ਬਹੁਤ ਈਰਖਾ ਕਰਨ ਲੱਗੇ। ਉਹ ਆਖਣ ਕਿ ਮੈਂ ਟੈਕਸੀ ਨਹੀਂ ਖ੍ਰੀਦ ਸਕਦਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਸਿਟੀ ਦੀ ਇਜਾਜ਼ਤ ਹੈ, ਤੁਸੀਂ ਕਿਵੇਂ ਰੋਕ ਲਵੋਂਗੇ। ਫਿਰ ਉਨ੍ਹਾਂ ਨੇ ਕੰਪਨੀ ਦਾ ਰੂਲ ਬਣਾਇਆ ਕਿ ਜੇ ਕਿਸੇ ਨਵੇਂ ਬੰਦੇ ਨੇ ਟੈਕਸੀ ਖ੍ਰੀਦਣੀ ਹੋਵੇ ਤਾਂ ਕੰਪਨੀ ਦੇ ਡਾਇਰੈਕਟਰਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ। ਨਾਲ ਦੀ ਨਾਲ ਉਨ੍ਹਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਵੇਂ ਨਾ ਕਿਵੇਂ ਇਸ ਨੂੰ ਕੱਢਿਆ ਜਾਵੇ। ਪਰ ਮੈਨੂੰ ਉਹ ਕੰਪਨੀ ਵਿੱਚੋਂ ਕੱਢ ਨਹੀਂ ਸਕਦੇ ਸੀ। ਮੈਂ ਟੈਕਸੀ ਦਾ ਮਾਲਕ ਸੀ। ਫਿਰ ਹੋਰ ਆਪਣੇ ਬੰਦੇ ਵੀ ਟੈਕਸੀਆਂ ਖ੍ਰੀਦਣ ਲੱਗ ਪਏ।

ਉਸ ਵੇਲੇ ਟੈਕਸੀ ਇੰਡਸਟਰੀ ’ਤੇ ਗਰੀਕ ਤੇ ਇਟਾਲੀਅਨ ਲੋਕਾਂ ਦਾ ਕਬਜ਼ਾ ਸੀ। ਵੈਨਕੂਵਰ ਦੀਆਂ ਹੋਰ ਟੈਕਸੀ ਕੰਪਨੀਆਂ ਜਿਵੇਂ ਯੈਲੋ ਕੈਬ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਡਰਾਈਵਰਾਂ ਤਾਂ ਰੱਖ ਲੈਂਦੇ ਸੀ ਪਰ ਉਨ੍ਹਾਂ ਨੂੰ ਟੈਕਸੀਆਂ ਨਹੀਂ ਸੀ ਵੇਚਦੇ ਤੇ ਐਡਵਾਂਸ ਕੈਬ ਕੰਪਨੀ ਵਾਲੇ ਤਾਂ ਆਪਣੇ ਲੋਕਾਂ ਨੂੰ ਡਰਾਈਵਰ ਵੀ ਨਹੀਂ ਸੀ ਰੱਖਦੇ।

ਪਹਿਲਾਂ ਅਨਪੜ੍ਹ ਤੇ ਸੁਸਤ ਕਿਸਮ ਦੇ ਬੰਦੇ ਟੈਕਸੀ ਚਲਾਉਂਦੇ ਸੀ। ਆਪਣੇ ਬੰਦੇ ਜਿਹੜੇ ਟੈਕਸੀ ਵਿਚ ਆਏ, ਉਹ ਪੜ੍ਹੇ ਲਿਖੇ ਹਨ। ਮੇਹਨਤੀ ਹਨ। ਗੋਰੇ ਡਰਾਈਵਰ ਸ਼ਨਿੱਚਰ-ਐਤਵਾਰ ਨੂੰ ਕੰਮ ਕਰਕੇ ਰਾਜ਼ੀ ਨਾ ਹੁੰਦੇ। ਅਸੀਂ ਤਾਂ ਘਰ ਬੈਠਦੇ ਹੀ ਨਹੀਂ ਸੀ। ਸੋਲਾਂ-ਸੋਲਾਂ, ਅਠਾਰਾਂ-ਅਠਾਰਾਂ ਘੰਟੇ ਟੈਕਸੀ ਚਲਾਉਂਦੇ। ਉਸ ਵਕਤ ਸੋਲਾਂ-ਅਠਾਰਾਂ ਘੰਟਿਆਂ ਵਿਚ ਪੰਤਾਲੀ–ਪੰਜਾਹ ਡਾਲਰ ਬਣ ਜਾਂਦੇ ਸਨ। ਇਹ ਓਨ੍ਹਾਂ ਵੇਲਿਆਂ ਵਿਚ ਬਹੁਤ ਹੁੰਦੇ ਸਨ। ਉਸ ਵੇਲੇ ਮੈਂ ਤਿੰਨ ਹਜ਼ਾਰ ਡਾਲਰ ਦੀ ਬਿਲਕੁਲ ਨਵੀਂ ਕਾਰ ਖ੍ਰੀਦ ਕੇ ਟੈਕਸੀ ਪਾਈ ਸੀ। ਪਹਿਲਾ ਪਰਮਿਟ ਮੈਂ ਉੱਨੀਂ ਹਜ਼ਾਰ ਡਾਲਰ ਵਿਚ ਖ੍ਰੀਦਿਆ ਸੀ। ਕੁਝ ਸਾਲ ਪਹਿਲਾਂ ਉਹ ਤਿੰਨ ਲੱਖ ਦਾ ਵੇਚਿਆ। ਇਕ ਪਰਮਿਟ ਮੈਂ ਪਹਿਲਾਂ ਵੇਚ ਦਿੱਤਾ ਸੀ ਦੋ ਲੱਖ ਪੈਂਤੀ ਹਜ਼ਾਰ 'ਚ ਹੁਣ ਪੈਸੇ ਵੱਲੋਂ ਬਹੁਤ ਸੁਖੀ ਹਾਂ। ਕੰਮ ਸਾਰੀ ਉਮਰ ਡਟ ਕੇ ਕੀਤਾ ਹੈ। ਵਿਆਹ-ਸ਼ਾਦੀਆਂ ਤੇ ਹੋਰ ਫੰਕਸ਼ਨਾਂ ਵਿਚ ਵੀ ਨਹੀਂ ਸੀ ਜਾਂਦਾ। ਬੱਸ ਕੰਮ84/ਟੈਕਸੀਨਾਮਾ