ਪੰਨਾ:ਟੈਕਸੀਨਾਮਾ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਮ। ਘਰਵਾਲੀ ਤੇ ਬੱਚਿਆਂ ਨੂੰ ਭੇਜ ਦਿੰਦਾ ਸੀ। ਮੈਂ ਸੋਚਦਾ ਸੀ ਕਿ ਬੱਚਿਆਂ ਖਾਤਿਰ ਏਥੇ ਆਏ ਹਾਂ ਤਾਂ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰ ਜਾਣ। ਯੂਨੀਵਰਸਿਟੀ ਤੱਕ ਪੜ੍ਹ ਲੈਣ। ਕਦੇ ਛੁੱਟੀ ਕਰਨ ਬਾਰੇ ਸੋਚਿਆ ਵੀ ਨ੍ਹੀਂ ਸੀ। ਇਹ ਕੰਮ ਹੀ ਐਸਾ ਹੈ ਕਿ ਕੰਮ ਕਰੋਂਗੇ ਤਾਂ ਘਰ ਡਾਲਰ ਆਉਣਗੇ। ਨਾ ਕਿਸੇ ਛੁੱਟੀ ਦੀ ਤਨਖਾਹ ਮਿਲਣੀ ਹੈ ਨਾ ਕੋਈ ਬਿਮਾਰੀ ਦੀ ਛੁੱਟੀ। ਮੇਰੇ ਤਿੰਨ ਬੱਚੇ ਹਨ। ਵੱਡਾ ਬੇਟਾ ਬਹੁਤ ਵੱਡਾ ਡਾਕਟਰ ਹੈ। ਬਹੁਤ ਕਮਾਈ ਹੈ ਉਸਦੀ। ਮੈਨੂੰ ਬਹੁਤ ਆਦਰ ਦਿੰਦਾ ਹੈ। ਹੋਰਾਂ ਨੂੰ ਉਹ ਮਾਣ ਨਾਲ ਦੱਸਦਾ ਹੈ ਕਿ ਉਸਦੇ ਡੈਡੀ ਨੇ ਸਖਤ ਮੇਹਨਤ ਕਰਕੇ ਉਸ ਨੂੰ ਪੜ੍ਹਾਇਆ ਹੈ। ਹਰ ਮਹੀਨੇ ਉਹ ਮੈਨੂੰ 2500 ਡਾਲਰ ਭੇਜਦਾ ਹੈ। ਬੇਟੀ ਅਕਾਊਂਟੈਂਟ ਹੈ। ਉਸਦੀ ਸ਼ਾਦੀ ਇਕ ਪ੍ਰੋਫੈਸਰ ਨਾਲ ਹੋਈ ਵੀ ਹੈ। ਇਕ ਬੇਟੀ ਰਜਿਸਟਰਡ ਨਰਸ ਹੈ।

ਜਿਨ੍ਹਾਂ ਦਿਨਾਂ 'ਚ ਮੈਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ, ਉਨ੍ਹਾਂ ਦਿਨਾਂ ਵਿਚ ਪੱਖਪਾਤ ਬਹੁਤ ਹੁੰਦਾ ਸੀ। ਸਵੇਰੇ ਜਦੋਂ ਮੈਂ ਟੈਕਸੀ ਦੀ ਚਾਬੀ ਲੈਣ ਜਾਣਾ ਤਾਂ ਜਿਹੜਾ ਬੰਦਾ ਚਾਬੀ ਫੜਾਉਂਦਾ ਹੁੰਦਾ ਸੀ, ਉਸ ਨੇ ਕਲੋਰੈਸ ਦੀ ਗੋਲੀ (ਚਿਊ-ਗਮ) ਨਾਲ ਫੜਾ ਕੇ ਆਖਣਾ ਕਿ ਤੇਰੇ ਮੂੰਹ 'ਚੋਂ ਮੁਸ਼ਕ ਆਉਂਦਾ ਹੈ, ਪਹਿਲਾਂ ਇਹ ਚੱਬ। ਮੈਨੂੰ ਡਿਸਪੈਚਰ ਵੀ ਰੱਦੀ ਟ੍ਰਿੱਪ ਦਿੰਦਾ। ਗਰੋਸਰੀ ਸਟੋਰਾਂ ਤੋਂ। ਏਅਰਪੋਰਟ ਵਾਲੇ ਤੇ ਹੋਰ ਲੰਮੇ ਟ੍ਰਿੱਪ ਮੈਨੂੰ ਨਾ ਦਿੰਦਾ। ਉਸ ਵੇਲੇ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਡਿਸਪੈਚਰ ਦੀ ਆਵਾਜ਼ ਸਾਰੀਆਂ ਟੈਕਸੀਆਂ ’ਚ ਸੁਣਦੀ। ਮੇਰੇ ਟ੍ਰਿੱਪ ਦੂਜੇ ਡਰਾਈਵਰ ਚੁੱਕ ਲਿਜਾਂਦੇ। ਮੈਂ ਜਦੋਂ ਸ਼ਿਕਾਇਤ ਕਰਦਾ ਤਾਂ ਕੋਈ ਸੁਣਵਾਈ ਨਹੀਂ ਸੀ ਹੁੰਦੀ। ਉਦੋਂ ਕਈ ਵਾਰੀ ਇਸ ਤਰ੍ਹਾਂ ਵੀ ਹੋਣਾ ਕਿ ਜਦੋਂ ਮੈਂ ਕਿਸੇ ਸਵਾਰੀ ਨੂੰ ਚੁੱਕਣ ਜਾਣਾ, ਉਸ ਨੇ ਵਾਪਸ ਭੇਜ ਦੇਣਾ ਕਿ ਮੈਨੂੰ ਨਹੀਂ ਹਿੰਦੂ ਡਰਾਈਵਰ ਦੀ ਟੈਕਸੀ ਚਾਹੀਦੀ।

ਹੁਣ ਭਾਵੇਂ ਪੱਖਪਾਤ ਬਹੁਤ ਘਟ ਗਿਆ ਹੈ। ਪਰ ਹੋਟਲਾਂ ਵਾਲਿਆਂ ਨਾਲ ਤੇ ਹੋਰ ਬਿਜ਼ਨਿਸ ਵਾਲਿਆਂ ਨਾਲ ਗੱਲਬਾਤ ਕਰਨ ਲਈ ਮੈਨੇਜਮੈਂਟ ਵਿਚ ਹਾਲੇ ਵੀ ਸਾਨੂੰ ਗੋਰੇ ਲੋਕਾਂ ਨੂੰ ਹੀ ਮੂਹਰੇ ਰੱਖਣਾ ਪੈਂਦਾ ਹੈ। ਪਰ ਅਸੀਂ ਉਨ੍ਹਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ। ਹੁਣ ਗੋਰੇ ਸਾਡੀਆਂ ਟੈਕਸੀਆਂ ਦੇ ਡਰਾਈਵਰ ਲੱਗੇ ਹੋਏ ਹਨ। ਇੱਕ ਵਾਰੀ ਇਕ ਗੋਰੇ ਡਰਾਈਵਰ ਨੇ ਮੇਰੇ ਘਰ ਟੈਕਸੀ ਛੱਡਣੀ ਸੀ। ਮੇਰਾ ਘਰ ਦੇਖ ਕੇ ਕਹਿੰਦਾ ਕਿ ਤੂੰ ਤਾਂ ਮਹਿਲ ’ਚ ਰਹਿਨੈਂ ਤੇ ਮੈਂ, ਜਿਹੜਾ ਤੇਰੀ ਟੈਕਸੀ ਚਲਾਉਨੈਂ ਇਕ ਕਮਰੇ 'ਚ ਗੁਜ਼ਾਰਾ ਕਰਦਾਂ। ਤੂੰ ਫਿਰ ਵੀ ਕਮਾਈ ਦਾ 55 %* ਹਿੰਸਾ ਭਾਲਦੈਂ। ਮੈਂ ਓਹਨੂੰ ਕਿਹਾ ਕਿ ਇਹ ਮਹਿਲ ਐਵੇਂ ਨੀ ਬਣ ਗਿਆ। ਵਾਧੂ ਘਾਟੂ ਗੱਲ ਕਰਨ ਦੀ ਲੋੜ ਨੀ, ਜੇ ਟੈਕਸੀ ਚਲਾਉਣੀ ਐ ਤਾਂ ਚਲਾ, ਨਹੀਂ ਮੈਂ ਹੋਰ ਡਰਾਈਵਰ ਲੱਭ ਲਵਾਂਗਾ।

ਬਲੈਕ ਟਾਪ ਕੰਪਨੀ ਵਿਚ ਮੀਟਰ ’ਤੇ ਚੱਲੇ ਕਰਾਏ ਦਾ 45% ਹਿੱਸਾ

ਡਰਾਈਵਰ ਦਾ ਹੁੰਦਾ ਹੈ ਤੇ 55% ਹਿੱਸਾ ਟੈਕਸੀ ਮਾਲਕ ਦਾ।

ਟੈਕਸੀਨਾਮਾ/85