ਪੰਨਾ:ਟੈਕਸੀਨਾਮਾ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੌਲ਼ਾ ਸਾਹਬ

‘ਅਰਲੀ ਬਰਡ’ ਸਟੈਂਡ 'ਤੇ ਪਹੁੰਚਿਆ ਤਾਂ ਧੌਲ਼ਾ ਸਾਹਬ ਦੀ ਟੈਕਸੀ ਪਹਿਲਾ ਨੰਬਰ ਲਈ ਮੂਹਰੇ ਖੜ੍ਹੀ ਸੀ। ‘ਚੱਲ, ਟਾਈਮ ਛੇਤੀ ਲੰਘ ਜਾਊ,' ਮੈਂ ਸੋਚਿਆ। ਕੰਮ ਬਹੁਤ ਮੰਦਾ ਸੀ। ਰੇਡੀਓ ਡਿਸਪੈਚ ਦੀ ਇਹ ਮੌਜ ਸੀ ਕਿ ਮੰਦੇ ਕੰਮ ਵਾਲੇ ਦਿਨ ਗੱਲਾਂ ਮਾਰ ਕੇ ਟਾਈਮ ਸੌਖਾ ਲੰਘ ਜਾਂਦਾ। ਪਤਾ ਹੁੰਦਾ ਸੀ ਕਿ ਕਿਹੜੀ ਟੈਕਸੀ ਦਾ ਜ਼ੋਨ ਵਿੱਚ ਕਿਹੜਾ ਨੰਬਰ ਹੈ ਅਤੇ ਸਟੈਂਡ ’ਤੇ ਮੂਹਰੇ ਖੜ੍ਹੀ ਟੈਕਸੀ ਤੋਂ ਪਿੱਛੋਂ ਹੀ ਟਿੱਪ ਮਿਲੇਗਾ ਇਸ ਕਰ ਕੇ ਪਿਛਲੀਆਂ ਟੈਕਸੀਆਂ ਵਾਲੇ ਮੂਹਰਲੀ ਟੈਕਸੀ ਵਿੱਚ ਜਾ ਬੈਠਦੇ। ਹੁਣ ਕੰਮ ਕੰਪਿਊਟਰ ਡਿਸਪੈਚ 'ਤੇ ਹੋ ਗਿਆ ਹੈ। ਨਵੇਂ ਜ਼ੋਨ ਅਤੇ ਨਵੇਂ ਸਟੈਂਡ ਬਣ ਗਏ ਹਨ। ਆਪਣੀ-ਆਪਣੀ ਟੈਕਸੀ ਵਿੱਚ ਬੈਠ ਕੇ ਉਡੀਕ ਕਰਨੀ ਪੈਂਦੀ ਹੈ। ਖੈਰ, ਮੈਂ ਆਪਣੀ ਟੈਕਸੀ ਵਿੱਚੋਂ ਨਿਕਲ ਕੇ ਧੌਲ਼ਾ ਸਾਹਬ ਦੀ ਟੈਕਸੀ ਦਾ ਮਗਰਲਾ ਦਰਵਾਜ਼ਾ ਖੋਲ੍ਹ ਕੇ ਵਿੱਚ ਬੈਠਦੇ ਨੇ “ਮਾਰ੍ਹਾਜ, ਧੌਲਾ ਸਾਹਬ,” ਕਿਹਾ। ਅੱਗੋਂ ਧੌਲ਼ਾ ਸਾਹਬ ਨੇ ਵੀ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਦੋਹੇਂ ਹੱਥ ਮੱਥੇ ਤੋਂ ਥੋੜ੍ਹਾ ਉੱਪਰ ਜੋੜ ਕੇ ਘਰੋੜਵੀਂ ਆਵਾਜ਼ ਵਿੱਚ ਕਿਹਾ, “ਮਾਰ੍ਹਾਜ, ਲਖਾਰੀ ਸਾਹਬ।”

ਅਸਲ ਵਿੱਚ ‘ਧੌਲ਼ਾ ਸਾਹਬ' ਉਨ੍ਹਾਂ ਦਾ ਅਸਲੀ ਨਾਂ ਨਹੀਂ ਸੀ। ਇਹ ਉਨ੍ਹਾਂ ਦੀ ਪਛਾਣ ਸੀ। ਤੇ ਇਹ ਅੱਲ ਵੀ ਉਨ੍ਹਾਂ ਦੀ ਉਸ ਮੌਕੇ ਪਈ ਸੀ ਜਦ ਉਹ ਮੇਰੇ ਨਾਲ ਗੱਲ-ਬਾਤ ਕਰ ਰਹੇ ਸਨ। ਮੈਂ ਕਿਤੇ ਇਨ੍ਹਾਂ ਨੂੰ ਕਈ ਟੈਕਸੀ ਵਾਲਿਆਂ ਦੇ ਬੈਠਿਆਂ ‘ਅੰਕਲ ਜੀ’ ਆਖ ਦਿੱਤਾ। ਮੈਂ ਬਾਈ-ਤੇਈ ਸਾਲ ਦਾ ਸੀ ਤੇ ਇਨ੍ਹਾਂ ਦੀ ਉਮਰ ਮੈਨੂੰ ਪੰਜਾਹਾਂ ਦੇ ਗੇੜ 'ਚ ਲੱਗੀ। ਇਹ ਮੈਂ ਇੰਡੋ-ਕਨੇਡੀਅਨ ਰਿਵਾਜ ਮੁਤਾਬਿਕ ਹੀ ਕਿਹਾ ਸੀ ਪਰ ਇਹ ਸੰਬੋਧਨ ਸੁਣਦਿਆਂ ਹੀ ਇਹ ਭੜਕ ਕੇ ਬੋਲੇ, "ਗੱਲ ਸੁਣ ਓ ਮੁੰਡਿਆ, ਮੁੜ ਕੇ ਨਾ ਮੈਨੂੰ ਅੰਕਲ-ਊਂਕਲ ਕਹੀਂ। ਐਵੇਂ ਮੇਰੀ ਕੋਈ ‘ਅੱਲ’ ਪੁਆਏਂਗਾ, ਹੁਣ ਤਾਈਂ ਬਚੇ ਹੋਏ ਆਂ। ਨਾਲੇ ਮੈਂ ਕਿਧਰੋਂ ਤੈਨੂੰ ਅੰਕਲ ਲੱਗਦੈਂ? ਦਿਸਦਾ ਕੋਈ ਧੌਲ਼ਾ?” ਮੈਂ ਤਾਂ ਇਨ੍ਹਾਂ ਦੇ ਬੋਲਣ ਦੇ ਅੰਦਾਜ਼ ਤੋਂ ਸਹਿਮ ਜਿਹਾ ਗਿਆ। ਪਰ ਨਾਲ ਬੈਠਿਆਂ ’ਚੋਂ ਕਿਸੇ ਨੇ ਕਿਹਾ, “ਧੌਲ਼ਾ ਤੇਰੇ ਕਿੱਥੋਂ ਦਿਸੂ? ਮੂੰਹ ਸਿਰ ਤਾਂ ਜਵਾਂ ਰਗੜ ਕੇ ਰੱਖਦੈਂ।”

“ਜਿੱਥੋਂ ਰਗੜ ਕੇ ਨੀਂ ਰੱਖਦਾ, ਉੱਥੋਂ ਦਿਖਾ ਦਿੰਨੈ,” ਇਨ੍ਹਾਂ ਦੇ ਇਹ ਕਹਿਣ ਸਾਰ ਹੀ ਹਾਸੜ ਮੱਚ ਗਈ। ਇਸ ਤਰ੍ਹਾਂ ਇਨ੍ਹਾਂ ਦਾ ਨਾਂ ਅੰਕਲ ਤਾਂ ਨਾ

ਟੈਕਸੀਨਾਮਾ/9