ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਆਉਣ ਲਗੀਆਂ, “ਇਸਨੂੰ ਬਾਦਸ਼ਾਹ ਕੋਲ ਲੈ ਚਲੋ।” “ਓ ਖ਼ੁਦਾ” ਗੌਰੀ ਨੇ ਠੰਡਾ ਸਾਹ ਭਰਦਿਆਂ ਹੋਇਆਂ ਕਿਹਾ, “ਇਨ੍ਹਾਂ ਵਹਿਸ਼ੀਆਂ ਦਾ ਬਾਦਸ਼ਾਹ ਰਬ ਜਾਣੇ ਕੌਣ ਹੋਵੇਗਾ।”

ਅਜੇ ਉਹ ਦਿਲ ਵਿਚ ਪ੍ਰਾਰਥਨਾਂ ਹੀ ਕਰ ਰਿਹਾ ਸੀ ਕਿ ਛੇ ਆਦਮੀ ਅਗੇ ਵਧੇ ਅਤੇ ਉਸ ਨੂੰ ਫੜ ਲਿਆ। ਉਸ ਦਾ ਦਿਲ ਡਰ ਨਾਲ ਧੱਕ ਧੱਕ ਕਰ ਰਿਹਾ ਸੀ। ਏਨੇ ਨੂੰ ਓਹੀ ਦੋਵੇਂ ਫ਼ਕੀਰ ਜਿਹੜੇ ਇਸ ਦਾ ਪਿਛਾ ਕਰ ਰਹੇ ਸਨ ਆ ਪੁਜੇ ਅਤੇ ਕਹਿਣ ਲਗੇ “ਇਹ ਸਾਡਾ ਸ਼ਿਕਾਰ ਹੈ, ਇਸ ਨੂੰ ਸਾਡੇ ਹਵਾਲੇ ਕਰ ਦਿਓ” ਇਸ ਦੇ ਪਿਛੋਂ ਉਹ ਇਸਨੂੰ ਲੈ ਕੇ ਇਕ ਪਾਸੇ ਨੂੰ ਤੁਰ ਪਏ। ਗੌਰੀ ਦਾ ਡਰ ਨਾਲ ਇਹ ਹਾਲ ਸੀ ਕਿ ਵਢੋ ਤਾਂ ਸਰੀਰ ਵਿਚ ਲਹੂ ਨਹੀਂ ਸੀ। ਸਾਰਾ ਸਰੀਰ ਥਰ ਥਰ ਕੰਬ ਰਿਹਾ ਸੀ ਅਤੇ ਉਹ ਇਸ ਤਰਾਂ ਤੁਰਦਾ ਜਾ ਰਿਹਾ ਸੀ ਜਿਵੇਂ ਕਈਆਂ ਸਾਲਾਂ ਦਾ ਬੀਮਾਰ ਹੁੰਦਾ ਹੈ।

ਗੌਰੀ ਇਨਾਂ ਫ਼ਕੀਰਾਂ ਦੇ ਨਾਲ ਕੁਝ ਚਿਰ ਚਿਕੜ ਵਿਚੋਂ ਦੀ ਤੁਰਨ ਪਿਛੋਂ ਉਨਾਂ ਜ਼ਾਲਮਾਂ ਦੇ ਬਾਦਸ਼ਾਹ ਦੇ ਦਰਬਾਰ ਵਿਚ ਪੁਜਾ। ਦਰਬਾਰ ਵਿਚ ਇਕ ਬਹੁਤ ਵਡਾ ਅੱਗ ਦਾ ਅੰਗੀਠਾ ਬਲ ਰਿਹਾ ਸੀ। ਭਖਦੇ ਅੰਗਿਆਰਾਂ ਤੇ ਇਕ ਬੁਢੀ ਇਸਤ੍ਰੀ ਤੇ ਬਚੇ ਦਾ ਸਰੀਰ ਜਲ ਰਿਹਾ ਸੀ। ਅੱਗ ਦੇ ਨੇੜੇ ਬੈਠੇ ਕੁਝ ਕੁ ਵਹਿਸ਼ੀ ਇਨਸਾਨ ਸ਼ਰਾਬ ਦੇ ਪੈਗ ਤੇ ਪੈਗ ਉਡਾ ਰਹੇ ਸਨ। ਇਨ੍ਹਾਂ ਲੁਟੇਰਿਆਂ ਦੇ ਵਿਚਕਾਰ ਇਕ ਖ਼ੂਬਸੂਰਤ ਹੱਟਾ ਕੱਟਾ ਨੌਜਵਾਨ ਬਗਲ ਵਿਚ ਇਕ ਸੋਹਣੀ ਜਿਹੀ ਕੁੜੀ ਨੂੰ ਲਈ ਬੈਠਾ ਸੀ ਅਤੇ ਉਸ ਦੇ ਨਾਲ ਹੀ ਖੱਬੇ ਪਾਸੇ ਹੇਠਾਂ, ਇਕ ਬਘਿਆੜ ਵਰਗਾ ਲੰਮੀ ਪੂਛ ਵਾਲਾ ਕੁਤਾ ਬੈਠਾ ਹੋਇਆ, ਅੱਗ ਤੇ ਜਲ ਰਹੀਆਂ ਲੋਥਾਂ ਨੂੰ ਵੇਖ ਰਿਹਾ ਸੀ। ਗੌਰੀ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ।

“ਕੌਣ ਹੈ ਇਹ ਸ਼ੈਤਾਨ?” ਬਾਦਸ਼ਾਹ ਨੇ ਬੜੇ ਰੋਹਬ ਨਾਲ ਪੁਛਿਆ।

“ਜਾਸੂਸ” ਕਈ ਆਵਾਜ਼ਾਂ ਇਕਠੀਆਂ ਹੀ ਆਈਆਂ।

ਵਹਿਸ਼ੀਆਂ ਦੇ ਬਾਦਸ਼ਾਹ ਦੀਆਂ ਅੱਖਾਂ ਗੁਸੇ ਨਾਲ ਲਾਲ ਹੋ ਗਈਆਂ।

੨੮