ਪੰਨਾ:ਟੱਪਰੀਵਾਸ ਕੁੜੀ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਮਰ ਫ਼ਿਕਰਾਂ ਵਿਚ ਡੁਬੀ ਸੋਚ ਰਹੀ ਸੀ ਕਿ ਇਸ ਦੁਖਾਂਤ ਲ੍ਹੀਲਾ ਦਾ ਅੰਤ ਕੀ ਹੋਵੇਗਾ, "ਜ਼ਰੂਰ ਭੈੜਾ ਉਹ ਇਕ ਵਾਰਗੀ ਪੁਕਾਰ ਉਠੀ।

"ਫੀਬਸ, ਪਿਆਰੇ ਫੀਬਸ, ਇਹ ਨਿਤ-ਦਿਹਾੜੀ ਦੀ ਕਲਾ ਮੈਨੂੰ ਜੀਉਂਦਾ ਨਹੀਂ ਛਡੇਗੀ। ਕਿਸੇ ਦਿਨ ਤੁਹਾਡੀ ਅਸਮਰ, ਹਸਰਤਾਂ ਭਰੀ ਅਸਮਰ ਆਹ ਜਿਸਨੂੰ ਕੁਦਰਤ ਨੇ ਬਦ-ਨਸੀਬ ਬਣਾਇਆ ਹੈ, ਆਪਣੇ ਕਮਰੇ ਵਿਚਮਰੀ ਹੋਈ ਵੇਖੀ ਜਾਏਗੀ। ਮੈਂ ਇਕ ਪਲ ਲਈ ਵੀ ਤੁਹਾਡੀ ਜੁਦਾਈ ਨਹੀਂ ਸਹਾਰ ਸਕਦੀ ਪਰ ਕੀ ਕਰਾਂ ਮਜਬੂਰੀ ਵਿਚ ਦਿਨ-ਕਟੀ ਕਰ ਰਹੀਹਾਂ। ਫੀਬਸ, ਰਾਤ ਦੇ ਹਨੇਰੇ ਵਿਚ ਹੀ ਆ। ਸ਼ਾਇਦ ਤੂੰ ਦਿਨ ਵੇਲੇ ਇਕ ਦੋਸ਼ਨ ਨੂੰ ਮਿਲਣਾ ਪਸੰਦ ਨਾ ਕਰੇਂ ਪਰ ਇਹ ਪਿਆਰ ਦੇ ਅਸੂਲਾਂ ਦੇ ਉਲਟ ਹੈ। ਮੈਂ ਤਾਂ ਕੰਡਿਆਂ ਤੇ ਲੇਟਾਂ ਅਤੇ ਤੂੰ ਫਲਾਂ ਦੀਆਂ ਸੇਜਾਂ ਤੇ ਆਰਾਮ ਕਰੇਂ। ਆਹ! ਪਿਆਰੇ! ਕੀ ਇਸੇ ਦਾ ਨਾਂ ਪਿਆਰ ਹੈ? ਕੀ ਉਹ ਤੁਹਾਡੀਆਂ ਸਗੰਧਾਂ, ਸ਼ਾਇਦ ਤੁਹਾਨੂੰ ਚੇਤਾ ਹੋਵੇਗਾ ਜਿਹੜੀਆਂ ਤੁਸੀਂ ਯਸੂਹ ਦੇ ਬੁਤ ਦੇ ਸਾਹਮਣੇ ਝੁਕ ਕੇ ਖਾਧੀਆਂ ਸਨ, ਕੀ ਉਹ ਸਭ ਝੂਠੀਆਂ ਸਨ? ਤੁਸੀਂ ਆਪ ਹੀ ਨਿਆਂ ਕਰੋ ਕਿ ਕੌਣ ਬੇ-ਵਫ਼ਾ ਨਿਕਲਿਆ ਹੈ। ਮੈਂ ਜਾਂ ਤੁਸੀਂ? ਫੀਬਸ, ਪਿਆਰੇ ਫੀਬਸ।"

ਏਨਾ ਕਹਿਣ ਪਿਛੋਂ ਉਹ ਬੇ-ਹੋਸ਼ ਹੋ ਕੇ ਫ਼ਰਸ਼ ਤੇ ਡਿਗ ਪਈ। ਉਸ ਵੇਲੇ ਤ੍ਰਿਕਾਲਾਂ ਪੈ ਚੁਕੀਆਂ ਸਨ।ਸੂਰਜ ਦੇਵਤਾ ਛੁਪਣ ਲਈ ਪਛਮ ਵਲ ਨੂੰ ਭਜਾ ਜਾ ਰਿਹਾ ਸੀ। ਹਵਾ ਦੇ ਝੋਲੇ ਸੰਸਾਰ ਦੀ ਹਰੇਕ ਸ਼ੈ ਨੂੰ ਨੀਂਦ ਦੀ ਲੋਰੀ ਸੁਣਾ ਰਹੇ ਸਨ।

ਹਨੇਰੇ ਵਿਚ ਭੁੱਕਦੇ ਹੋਏ ਕੁਤਿਆਂ ਦੀਆਂ ਡਰਾਉਣੀਆਂ ਚੀਕਾਂ ਪਹਿਲੇ ਨਾਲੋਂ ਵਧ ਗਈਆਂ ਸਨ। ਸਾਰੇ ਪੈਰਿਸ ਵਿਚ ਸੁੰਨ ਵਰਤੀ ਹੋਈ ਸੀ। ਕਿਸੇ ਕਿਸੇ ਮਕਾਨ ਵਿਚੋਂ ਲੋ ਨਜ਼ਰੀਂ ਆ ਰਹੀ ਸੀ। ਸਾਰੀ ਦੁਨੀਆਂ ਸੁਪਨਿਆਂ ਦੇ ਸੰਸਾਰ ਵਿਚ ਮਸਤ ਸੀ। ਅਚਾਨਕ ਪਾਦਰੀ ਨੋਟਰਡੈਮ ਦੇ ਮੁਨਾਰੇ ਕੋਲ ਜਾਂਦਾ ਹੋਇਆ ਨਜ਼ਰੀਂ ਪਿਆ। ਚੰਨ ਦੀ ਚਾਨਣੀ ਉਸ ਉਤੇ ਪੈ ਰਹੀ ਸੀ।

੯੧