(ਕਬਿੱਤ)
ਧਰਤੀ ਦੀ ਫਰਿਆਦ
ਕਾਲੀ ਬੋਲੀ ਪਾਪ ਦੀ ਹਨੇਰੀ ਜਦੋਂ ਛਾਈ ਆ ਕੇ,
ਸੁੱਚ ਦੇ ਅਕਾਸ਼ ਵਾਲਾ ਕਿੰਗਰਾ ਸੀ ਟੁੱਟਿਆ।
ਟੁੱਟਿਆ ਸੀ ਲੱਕ ਜਦੋਂ ਦੇਸ਼ ਵਾਲੀ ਸਭਿਅਤਾ ਦਾ,
ਰਾਜੇ ਅਤੇ ਪਰਜਾ ਦਾ ਪਿਆਰ ਜਦੋਂ ਟੁੱਟਿਆ ।
ਟੁੱਟਿਆ ਸੀ ਰੱਸਾ ਜਦੋਂ ਧਰਮ ਤੇ ਈਮਾਨ ਵਾਲਾ,
ਦੇਸ਼ ਦੀ ਅਜ਼ਾਦੀ ਵਾਲਾ 'ਤਾਰਾ' ਜਦੋਂ ਟੁੱਟਿਆ ।
ਟੁੱਟਿਆ ਗੁਮਾਨ ਜਦੋਂ ਮੁਨੀ ਤੇ ਮੁਨੀਸ਼ਰਾਂ ਦਾ,
ਦੁਖੀਆਂ ਤੇ ਦੁਖਾਂ ਦਾ ਪਹਾੜ ਜਦੋਂ ਟੁੱਟਿਆ ।
ਆਹਾਂ ਮਜ਼ਲੂਮਾਂ ਦੀਆਂ ਪਹੁੰਚੀਆਂ ਜਾ ਸਚ ਖੰਡ,
ਜ਼ੁਲਖ਼ ਵਾਲੇ ਬਦਲ ਜਦੋਂ ਜੱਗ ਉਤੇ ਛਾਏ ਸੀ ।
ਓਸ ਵੇਲੇ ਮਾਹੀ ਨਿਰੰਕਾਰੀ ਨਨਕਾਣੇ ਵਾਲੇ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।
ਜਾਬਰਾਂ ਦੇ ਜਬਰ ਦਿਆਂ ਪੇਚਾਂ ਵਿਚ ਪੀਚੇ ਹੋਏ,
ਜਦੋਂ ਹਿੰਦ ਵਾਸੀ ਰਹੇ ਨਿੱਤ ਧਾਹਾਂ ਮਾਰ ਸੀ ।
ਜ਼ੁਲਮ ਦੀ ਲਪੇਟ ਵਿਚ ਪਰਜਾ ਨੂੰ ਲਪੇਟ ਕੇ ਤੇ,
ਰਾਜਿਆਂ ਮਚਾਇਆ ਜਦੋਂ ਅਤੀ ਧੁੰਧੂਕਾਰ ਸੀ ।
ਵਾੜ ਜਦੋਂ ਖੇਤ ਨੂੰ ਸੀ ਨਿਤ ਉਠ ਖਾਈ ਜਾਂਦੀ,
ਸੁਣਦਾ ਗਰੀਬਾਂ ਵਾਲੀ ਕੋਈ ਨਾ ਪੁਕਾਰ ਸੀ ।
ਅਖੀਆਂ ਦੇ ਫੋਰ ਵਿਚ ਅਖੀਆਂ ਦੇ ਤਾਰਿਆਂ ਦਾ,
ਅਖੀਆਂ ਦੇ ਅਗੇ ਜਦੋਂ ਕਰਦਾ ਸੰਘਾਰ ਸੀ।
-੧੩-