ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———73———

ਬਚਪਨ ਦੇ ਪਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ।
ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ।

ਮੇਰੇ ਵਾਂਗ ਉਮਰ ਦੇ ਪੰਜਵੇਂ ਝੰਡੇ ਤੇ ਨੇ ਬੈਠੀਆਂ ਜੋ,
ਮੋਰਨੀਆਂ ਦੇ ਖੰਭੀਂ ਤਾਰੇ ਜੜਨੇ ਚੰਗੇ ਲੱਗਦੇ ਨੇ।

ਮੈਂ ਵਕਤਾਂ ਦਾ ਘਾੜਨਹਾਰਾ ਮੇਰੀ ਜ਼ਿੰਮੇਵਾਰੀ ਏ,
ਗ਼ਜ਼ਲਾਂ ਦੇ ਸ਼ਿਅਰਾਂ ਵਿਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ।

ਕਲਗੀ, ਪੈਸਾ, ਪੌੜੀ, ਰੁਤਬੇ, ਮਨ 'ਤੇ ਰੱਖਿਆ ਭਾਰ ਨਹੀਂ,
ਏਸੇ ਕਰਕੇ ਪਰਬਤ ਪੈਰੀਂ ਚੜ੍ਹਨੇ ਚੰਗੇ ਲੱਗਦੇ ਨੇ।

ਨਿੱਕੀਆਂ ਨਿੱਕੀਆਂ ਜੰਗਾਂ ਛੇੜਾਂ, ਮੇਰਾ ਬਿਲਕੁਲ ਸ਼ੌਕ ਨਹੀਂ,
ਲੰਮੇ ਯੁੱਧ ਨਿਰੰਤਰ ਮੈਨੂੰ, ਲੜਨੂੰ ਚੰਗੇ ਲੱਗਦੇ ਨੇ।

ਰੰਗ ਬਰੰਗੇ ਪੈਂਨ-ਪੈਨਸਿਲਾਂ, ਸ਼ਾਨਾਂ ਭਾਵੇਂ ਮੇਜ਼ ਦੀਆਂ,
ਆਪਣੇ ਹੱਥੀਂ ਕਲਮਾਂ, ਕਾਨੇ ਘੜਨੇ ਚੰਗੇ ਲੱਗਦੇ ਨੇ।

ਮੇਰੇ ਅੰਦਰ ਬੈਠਾ ਬੱਚਾ, ਚਾਂਭਲਦੈ, ਜਦ ਵੇਖ ਲਵੇ,
ਰਾਤ ਦੇ ਕੇਸੀਂ ਜੁਗਨੂੰ ਇਸ ਨੂੰ ਅੜਨੇ ਚੰਗੇ ਲੱਗਦੇ ਨੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /101