ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———74———

ਫਿਰਦੇ ਨੇ ਦਨਦਨਾਉਂਦੇ ਅੰਨ੍ਹੀ ਮਚਾਉਣ ਵਾਲੇ।
ਕਿਧਰ ਗਏ ਇਨ੍ਹਾਂ ਤੋਂ ਮੁਕਤੀ ਦਿਵਾਉਣ ਵਾਲੇ?

ਦਹਿਲੀਜ਼ ਓਪਰੀ ਤੇ ਕਰਦੇ ਨੇ ਦੀਪ ਮਾਲਾ,
ਕੱਚੇ ਬਨੇਰਿਆਂ ਤੋਂ ਦੀਵੇ ਬੁਝਾਉਣ ਵਾਲੇ।

ਸਾਥੋਂ ਆਵਾਜ਼, ਸੁਰ ਤੇ, ਸਾਥੋਂ ਹੀ ਸ਼ਬਦ ਲੈ ਕੇ,
ਸਾਨੂੰ ਪਛਾਣਦੇ ਨਾ, ਇਹ ਗੀਤ ਗਾਉਣ ਵਾਲੇ।

ਚੁੰਧਿਆਈ ਨਿਗਾਹ ਵਾਲੇ, ਵੀਰਾਂ ਨੂੰ ਥਹੁ ਨਾ ਲੱਗੇ,
ਅੰਨ੍ਹੀ ਗਲੀ 'ਚ ਫਿਰਦੇ ਰਸਤਾ ਦਿਖਾਉਣ ਵਾਲੇ।

ਕਿਧਰ ਤੋਂ ਆ ਰਹੇ ਨੇ, ਕਿਧਰ ਨੂੰ ਜਾ ਰਹੇ ਨੇ,
ਦੱਸਦੇ ਨਾ ਕਾਫ਼ਲੇ ਨੂੰ, ਜੈਕਾਰੇ ਲਾਉਣ ਵਾਲੇ।

ਬਗਲੇ ਦੇ ਵੇਸ ਵਾਲੇ, ਅਮਨਾਂ ਦਾ ਦੇਣ ਹੋਕਾ,
ਵੱਸਦੇ ਘਰਾਂ ਨੂੰ ਏਥੇ ਮਕਤਲ ਬਣਾਉਣ ਵਾਲੇ।

ਕਰਦੇ ਬੁਹਾਰੀਆਂ ਨੇ ਬੇਗ਼ਮ ਦੇ ਮਹਿਲ ਅੰਦਰ,
ਲੋਕਾਂ ਨੂੰ ਭਰਮ ਪਾਉਂਦੇ ਬਾਗ਼ੀ ਕਹਾਉਣ ਵਾਲੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /102