ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———77———

ਰਾਤ ਹਨ੍ਹੇਰੀ ਰੁੱਖਾਂ ਵਿਚ ਦੀ ਜਿਉਂ ਚੰਨ ਪਾਵੇ ਝਾਤ ਜਹੀ।
ਸ਼ੁਕਰ ਓਸਦਾ ਦਿੱਤੀ ਜਿਸ ਨੇ ਜ਼ਿੰਦਗੀ ਵੀ ਸੌਗਾਤ ਜਹੀ।

ਅੱਖੀਆਂ ਵਿਚੋਂ ਖ਼ੁਸ਼ੀਆਂ ਵਾਲੇ ਅੱਥਰੂ ਮੈਥੋਂ ਰੁਕਦੇ ਨਹੀਂ,
ਤਪਦੀ ਧਰਤੀ ਉੱਤੇ ਕਿਣਮਿਣ, ਜਿਉਂ ਵਰ੍ਹਦੀ ਬਰਸਾਤ ਜਹੀ।

ਤੂੰ ਮੇਰੇ ਸਾਹਾਂ ਵਿਚ ਰਮ ਜਾ, ਫੁੱਲ ਪੱਤੀਆਂ ਵਿਚ ਮਹਿਕ ਜਿਵੇਂ,
ਨਾਲੋ ਨਾਲ ਰਹੀਂ ਤੂੰ ਮੇਰੇ, ਬਣ ਸੁੱਚੇ ਜਜ਼ਬਾਤ ਜਹੀ।

ਨੇਰ੍ਹੇ ਤੇ ਚਾਨਣ ਵਿਚ ਦੱਸੋ, ਕਰਾਂ ਨਿਖੇੜਾ ਕਿੱਸਰਾਂ ਮੈਂ,
ਮੇਰੇ ਹਿੱਸੇ ਆਈ ਜ਼ਿੰਦਗੀ, ਪੂਰੇ ਚੰਨ ਦੀ ਰਾਤ ਜਹੀ।

ਦੂਰ ਕਿਸੇ ਘਰ ਜੰਮੀ ਜਾਈ, ਜਦ ਤੋਂ ਸਾਡੇ ਘਰ ਆਈ,
ਸਾਡੇ ਘਰ ਦੇ ਅੰਦਰ ਹਰ ਪਲ ਰਹਿੰਦੀ ਹੈ ਪ੍ਰਭਾਤ ਜਹੀ।

ਤੇਰੇ ਨਾਲ ਸ਼ਿਕਾਇਤ, ਸ਼ਿਕਵਾ, ਕਰਾਂ ਕਿਉਂ ਮੈਂ ਜਿੰਦੜੀਏ,
ਹਰ ਇਕ ਨੂੰ ਖ਼ੈਰਾਤ ਹੈ ਮਿਲਦੀ ਓਸੇ ਦੀ ਔਕਾਤ ਜਹੀ।

ਕਿੰਨੀ ਵਾਰੀ ਆਖਿਐ ਇਸ ਨੂੰ, ਹੁਣ ਤਾਂ ਮੇਰੇ ਮਗਰੋਂ ਲਹਿ,
ਮੇਰਾ ਪਿੱਛਾ ਛੱਡਦੀ ਹੀ ਨਾ, ਖ਼ੁਦਗਰਜ਼ੀ ਕਮਜ਼ਾਤ ਸਹੀ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /105