ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———78———

ਆਸ ਬੇਗ਼ਾਨੀ ਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ।
ਮਿੱਟੀ ਦਾ ਇਹ ਕੱਚਾ ਭਾਂਡਾ, ਕਣੀਆਂ ਦੇ ਵਿਚ ਖਰ ਜਾਣਾ ਸੀ।

ਭਾਵੇਂ ਕਹਿਣ ਸਮੁੰਦਰੋਂ ਡੂੰਘਾ, ਪਾਰ ਕਿਨਾਰਾ ਕਿਹੜੀ ਗੱਲ ਸੀ,
ਜੇਕਰ ਸਾਥ ਨਿਭਾਉਂਦੀ ਤਾਂ ਮੈਂ ਦਿਲ ਦਰਿਆ ਨੂੰ ਤਰ ਜਾਣਾ ਸੀ।

ਤੇਰੇ ਨਾਲ ਤੁਰਦਿਆਂ, ਤੈਨੂੰ ਕੀਹ ਦੱਸਾਂ ਮੈਂ ਖੁਸ਼ਬੂ ਜਹੀਏ,
ਦਿਲ ਦਾ ਖ਼ਾਲੀ ਕਾਸਾ ਮੇਰਾ, ਨਾਲ ਮੁਹੱਬਤ ਭਰ ਜਾਣਾ ਸੀ।

ਇਹ ਤਾਂ ਤੇਰੇ ਨਿੱਘ ਦਾ ਹੀ ਪ੍ਰਤਾਪ, ਧੜਕਣਾਂ ਧੜਕਦੀਆਂ ਨੇ,
ਨਹੀਂ ਤਾਂ ਹੁਣ ਨੂੰ ਇਹ ਦਿਲ ਮੇਰਾ, ਠਰਦਾ ਠਰਦਾ ਠਰ ਜਾਣਾ ਸੀ।

ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ,
ਜੇ ਪਹਿਰਾ ਨਾ ਹੁੰਦਾ, ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ।

ਬਿਰਖ਼ਾ ਨਾਲ ਗੁਫ਼ਤਗੂ ਕਰਦੇ, ਬੀੜ ਰਹੇ ਨੇ ਦਿਨ ਤੇ ਰਾਤਾਂ,
ਬਾਤ ਮੁਕਾਏ ਬਿਨ ਦੱਸੋ ਮੈਂ, ਕਿਹੜੇ ਵੇਲੇ ਘਰ ਜਾਣਾ ਸੀ।

ਚਾਨਣ ਦੀ ਤਸਵੀਰ ਬਣੀ ਤੂੰ, ਨੇਰ੍ਹੇ ਵਿਚ ਲਕੀਰ ਬਣੀ ਤੂੰ,
ਜੇ ਤੂੰ ਮੇਰੇ ਨਾਲ ਨਾ ਹੁੰਦੀ, ਮੈਂ ਤਾਂ ਕੱਲ੍ਹਿਆਂ ਡਰ ਜਾਣਾ ਸੀ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /108