ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———79———

ਝੀਲ ਬਲੌਰੀ ਨੈਣਾਂ ਅੰਦਰ ਸੁਪਨੇ ਤਰਦੇ ਵੇਖ ਰਿਹਾ ਹਾਂ।
ਮੰਜ਼ਿਲ ਦੇ ਸਿਰਨਾਵੇਂ ਵੱਲ ਨੂੰ, ਹਿੰਮਤ ਕਰਦੇ ਵੇਖ ਰਿਹਾ ਹਾਂ।

ਕੱਚੇ ਘਰੀਂ ਗੁਆਚੇ ਹੋਏ, ਫ਼ਿਕਰੀਂ ਵਿੱਧੇ ਬਹੁਤ ਲੋਕੀਂ,
ਥੱਕੇ ਟੁੱਟੇ, ਹਾਰੇ ਹੁੰਦੇ, ਰਾਹ ਵਿਚ ਮਰਦੇ ਵੇਖ ਰਿਹਾ ਹਾਂ।

ਪੰਜੀਂ ਸਾਲੀਂ ਆਉਂਦੇ ਇਹ ਜੋ, ਚਿੱਟੇ, ਨੀਲੇ, ਪੀਲੇ ਘੋੜੇ,
ਖੇਤਾਂ ਵਿਚੋਂ ਹਰੇ ਅੰਗੂਰੀ ਸੁਪਨੇ ਚਰਦੇ ਵੇਖ ਰਿਹਾ ਹਾਂ।

ਇਕ ਓਂਕਾਰ ਦੀ ਨਿਰਮਾਲ ਧਾਰਾ, ਕਾਲੀ ਬੇਈਂ ਦੇ ਵਿਚ ਗੁੰਮੀ,
ਲੱਭਦੇ ਨੇ ਬਲਬੀਰਾਂ* ਤੇ ਬਹੁਤੇ ਗੱਲਾਂ ਕਰਦੇ ਵੇਖ ਰਿਹਾ ਹਾਂ।

ਸਫ਼ਰ ਨਾਲ ਜੋ ਕਰਨ ਗੁਫ਼ਤਗੂ, ਮੰਜ਼ਿਲ ਨੂੰ ਵੀ ਓਹੀ ਵਰਦੇ,
ਜਿਹੜੇ ਰਾਹ ਵਿਚ ਬੈਠੇ ਓਹੀ, ਹਾਉਕੇ ਭਰਦੇ ਵੇਖ ਰਿਹਾ ਹਾਂ।

ਪਾਰ ਝਨਾਉਂ ਰਹਿੰਦੀ ਸੋਹਣੀ, ਮਹੀਂਵਾਲ ਦੇ ਦਿਲ ਨੂੰ ਮੋਹਣੀ,
ਦਿਲ ਦੀ ਲਗਨ ਮਿਲਣ ਦੀ ਜਿਸ ਨੂੰ ਨਦੀਆਂ ਤਰਦੇ ਵੇਖ ਰਿਹਾ ਹਾਂ।

ਡਰ ਨਹੀਂ ਕਿਸੇ ਪਰਾਏ ਕੋਲੋਂ, ਡਰ ਹੈ ਆਪਣੇ ਸਾਏ ਕੋਲੋਂ,
ਘਰ ਦੇ ਭੇਤੀ ਕੋਲੋਂ ਬੰਦੇ, ਆਪੇ ਡਰਦੇ ਵੇਖ ਰਿਹਾ ਹਾਂ।

*


*ਸੰਤ ਬਲਬੀਰ ਸਿੰਘ ਸੀਚੇਵਾਲ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /107