ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———81———

ਬੰਦ ਨੇ ਬੂਹੇ ਅਤੇ ਬਾਰੀਆਂ ਸਾਡੇ ਪਿੰਡ ਨੂੰ ਕੀ ਹੋਇਆ ਹੈ।
ਸ਼ਹਿਰਾਂ ਵਾਂਗੂੰ ਤੜਪ ਨਹੀਂ ਹੈ, ਹਰ ਘਰ ਜੀਕੂੰ ਅਧਮੋਇਆ ਹੈ।

ਬੰਦ ਕਮਰਿਆਂ ਅੰਦਰ ਜਾਲੇ, ਹੋਠਾਂ ਉੱਪਰ ਲੱਗੇ ਤਾਲੇ,
ਤੇਲ ਦੀ ਥਾਂ ਤੇ ਖ਼ੂਨ ਬਰੂਹੀਂ, ਕਿਸ ਨੇ ਏਥੇ ਕਿਉਂ ਚੋਇਆ ਹੈ?

ਪਿੱਪਲ ਥੱਲੇ ਤੀਆਂ ਤੇ ਨਾ ਗਿੱਧੇ ਦੇ ਪਿੜ ਅੰਦਰ ਧੀਆਂ,
ਬਾਪੂ ਵਰਗਾ ਬਿਰਖ ਬਰੋਟਾ, ਆਰੀ ਹੱਥੋਂ ਕਿਉਂ ਮੋਇਆ ਹੈ?

ਤੇਰੇ ਪੱਲੇ ਚਾਨਣ ਚਾਨਣ, ਮੇਰੇ ਪੱਲੇ ਨ੍ਹੇਰਾ ਹੀ ਨ੍ਹੇਰਾ,
ਪਿੰਡ ਕਿਉਂ ਨਾ ਕਰੇ ਸ਼ਿਕਾਇਤ, ਭੇਦਭਾਵ ਇਹ ਕਿਉਂ ਹੋਇਆ ਹੈ?

ਕਈ ਵਾਰੀ ਮੈਂ ਦਸਤਕ ਦਿੱਤੀ, ਕਿਸੇ ਹੁੰਗਾਰਾ ਹੀ ਨਹੀਂ ਭਰਿਆ,
ਸਮਝ ਨਾ ਆਵੇ ਆਪਣਿਆਂ ਨੇ, ਘਰ ਦਾ ਬੂਹਾ ਕਿਉਂ ਢੋਇਆ ਹੈ?

ਹਰ ਇਕ ਚਮਕਣਹਾਰ ਨਾ ਹੀਰਾ, ਸਦਾ ਭੁਲੇਖੇ ਖਾਹ ਨਾ ਵੀਰਾ,
ਗੋਦੜੀਆਂ ਦੇ ਲਾਲਾਂ ਦਾ ਮੂੰਹ, ਦੱਸ ਭਲਾ ਕਿਸ ਨੇ ਧੋਇਆ ਹੈ?

ਸੂਰਜ ਆਖੇ ਜਾਗੋ ਜਾਗੋ, ਅੱਖਾਂ ਖੋਲ੍ਹੋ ਸੌਣ ਵਾਲਿਓ,
ਭੁੱਲ ਨਾ ਜਾਇਓ ਨਾਲ ਤੁਹਾਡੇ, ਨ੍ਹੇਰੇ ਅੰਦਰ ਕੀਹ ਹੋਇਆ ਹੈ?

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /109