ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———82———

ਛੱਡ ਪਗਡੰਡੀ ਸੜਕੀਂ ਚੜ੍ਹ ਪਏ ਪਿੰਡ ਚੱਲੇ ਹੁਣ ਸ਼ਹਿਰਾਂ ਨੂੰ।
ਸਾਫ਼ ਹਵਾ ਦੇ ਬੁੱਲੇ ਛੱਡ ਕੇ, ਡੀਕਣਗੇ ਹੁਣ ਜ਼ਹਿਰਾਂ ਨੂੰ।

ਗ਼ਮ ਦਾ ਦਰਿਆ ਰੋੜ੍ਹੀ ਜਾਵੇ ਕੱਚਾ ਪੱਕਾ ਇਕੋ ਭਾਅ,
ਸੋਹਣੀ ਡਰਦੀ, ਹੁਣ ਨਹੀਂ ਤਰਦੀ, ਇਸ਼ਕ ਝਨਾਂ ਦੀਆਂ ਲਹਿਰਾਂ ਨੂੰ।

ਮੈਂ ਦਰਿਆ ਹਾਂ, ਮੇਰੀ ਮਰਜ਼ੀ ਜਿਧਰ ਚਾਹਾਂ ਜਾ ਸਕਦਾਂ,
ਹੁਕਮ ਸੁਣਾਈ ਜਾਹ ਤੂੰ ਆਪਣਾ ਸਭ ਸਰਕਾਰੀ ਨਹਿਰਾਂ ਨੂੰ।

ਤੇਰੇ ਸਿਰ 'ਤੇ ਅਸੀਂ ਖੜ੍ਹੇ ਹਾਂ ਫਿਰ ਪੁੱਤਰਾ ਘਬਰਾਵੇਂ ਕਿਉਂ,
ਬੋਹੜਾਂ ਤੇ ਪਿੱਪਲਾਂ ਦੇ ਮੂੰਹੋਂ ਸੁਣਦਾ ਸਿਖ਼ਰ ਦੁਪਹਿਰਾਂ ਨੂੰ।

ਨਿੱਤਰੇ ਪਾਣੀ ਵਿਚੋਂ ਆਪਣਾ ਚਿਹਰਾ ਵੇਖੇਂ ਡਰ ਜਾਵੇਂ,
ਮਨ ਵਿਚ ਚੁੱਕੀ ਫਿਰਦਾ ਹੈਂ ਕਿਉਂ ਵੰਨ ਸੁਵੰਨੀਆਂ ਗਹਿਰਾਂ ਨੂੰ।

ਖਿੱਲਰੇ ਮਨ ਨੂੰ ਕੌਣ ਸੰਭਾਲੇ ਕਵਿਤਾ ਪੁੱਛਦੀ ਗੀਤਾਂ ਨੂੰ,
ਮੇਰੀ ਪੀੜਾ ਸਮਝ ਨਾ ਆਵੇ ਹੁਣ ਗ਼ਜ਼ਲਾਂ ਦੀਆਂ ਬਹਿਰਾਂ ਨੂੰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /110