ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———84———

ਵੀਰਵਾਰ ਨੂੰ ਜਗਦੇ ਦੀਵੇ, ਸਾਡੇ ਪਿੰਡ ਦਰਗਾਹਾਂ ਅੰਦਰ।
ਪਰ ਬਾਕੀ ਦਿਨ ਘੁੱਪ ਹਨੇਰਾ, ਰਹਿੰਦਾ ਸਾਰੇ ਰਾਹਾਂ ਅੰਦਰ।

ਹਾੜ੍ਹ, ਸਿਆਲ, ਪੱਤਝੜਾਂ ਮਗਰੋਂ, ਰੁੱਤ ਬਸੰਤੀ ਕੀਹਦੀ ਖ਼ਾਤਰ,
ਸਾਡੇ ਲਈ ਹਰ ਵਰਕਾ ਹੈ ਜ਼ਖ਼ਮੀ, ਸਾਰੇ ਬਾਰਾਂ-ਮਾਹਾਂ ਅੰਦਰ।

ਟੱਲੀਆਂ ਦੀ ਟੁਣਕਾਰ ਗੁਆਚੀ, ਵਿਚ ਸਿਆੜਾਂ ਸੁਪਨੇ ਮੋਏ,
ਚਿੰਤਾ ਚਿਖ਼ਾ ਬਰਾਬਰ ਧੁਖਦੀ, ਆਉਂਦੇ ਜਾਂਦੇ ਸਾਹਾਂ ਅੰਦਰ।

ਮੱਛੀਆਂ ਖ਼ਾਤਰ ਜਾਲ ਵਿਛਾਉਂਦੇ, ਵਿਰਲੇ ਟਾਂਵੇਂ ਪਾਰ ਲੰਘਾਉਂਦੇ,
ਬਣੇ ਸਿਆਸਤਦਾਨਾਂ ਵਰਗੇ, ਬਹੁਤੇ ਲੋਕ ਮਲਾਹਾਂ ਅੰਦਰ।

ਬਿਰਖ ਬਰੂਟੇ ਮੁੱਕਦੇ ਜਾਂਦੇ, ਬਾਪੂ ਵੱਡੀ ਬੁੱਕਲ ਵਾਲੇ,
ਜੋ ਭਰਦੇ ਸੀ ਜਗਤ-ਕਲਾਵਾ, ਇਨ੍ਹਾਂ ਦੋਹਾਂ ਬਾਹਾਂ ਅੰਦਰ।

ਇਸ ਮੌਸਮ ਵਿਚ ਰੂਹ ਦੇ ਰਿਸ਼ਤੇ, ਕਿਉਂ ਲੱਭਦੈਂ ਤੂੰ ਭੋਲੇ ਪੰਛੀ,
ਪਿਆਰ ਮੁਹੱਬਤ ਗਰਜ਼ੀਂ ਬੱਧੇ, ਭਰ ਗਈ ਖੋਟ ਨਿਗਾਹਾਂ ਅੰਦਰ।

ਅਪਣੇ ਘਰ ਤੇ ਚੌਗਿਰਦੇ ਨੂੰ ਜੇਕਰ ਰੌਸ਼ਨ ਕਰਨਾ ਚਾਹੇਂ,
ਮਮਟੀ ਬਾਲ ਚਿਰਾਗ਼, ਗੁਆ ਨਾ, ਬਹੁਤਾ ਵਕਤ ਸਲਾਹਾਂ ਅੰਦਰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /114