ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———86———

ਮਾਲੀ ਨੂੰ ਵਿਸ਼ਵਾਸ ਨਹੀਂ ਹੁਣ, ਬਾਗ਼ ਬਹਾਰਾਂ ਉੱਤੇ।
ਪਹਿਰੇਦਾਰ ਬਿਠਾ ਦਿੱਤੇ ਉਸ ਫੁੱਲਾਂ ਖਾਰਾਂ ਉੱਤੇ।

ਬਾਗ ਬਗੀਚਾ, ਜੰਗਲ ਬੂਟਾ, ਆਰੀ ਚੀਰੀ ਜਾਵੇ,
ਘੁੱਗੀਆਂ ਮੋਰ ਸੰਭਾਲੀਂ ਵਾਹ ਕੇ ਦਰ ਦੀਵਾਰਾਂ ਉੱਤੇ।

ਆਲ੍ਹਣਿਆਂ ਨੂੰ ਛੱਡ ਕੇ ਕੂੰਜਾਂ ਗਈਆਂ ਦੇਸ ਦਸੌਰੀਂ,
ਨਜ਼ਰ ਸਵੱਲੀ ਲੱਗਦੀ ਨਹੀਓਂ ਹੁਣ ਗੁਲਜ਼ਾਰਾਂ ਉੱਤੇ।

ਬੜੀ ਭੰਵਰ ਹਵਾਲੇ ਕਰਕੇ ਆਪ ਸਲਾਮਤ ਪਰਤੇ,
ਮਾਣ ਕਰੇਂ ਤੂੰ ਕਾਹਦਾ ਜਿੰਦੇ, ਆਪਣੇ ਯਾਰਾਂ ਉੱਤੇ।

ਅੱਧੀ ਰਾਤ ਗੁਜ਼ਾਰ ਲਈ ਏ, ਬਾਕੀ ਵੀ ਲੰਘ ਜਾਊ,
ਤੁਰਦੀ ਤੁਰਦੀ ਨਿੱਕੀ ਸੂਈ, ਪਹੁੰਚੀ ਬਾਰਾਂ ਉੱਤੇ।

ਇਕ ਇਕੱਲੇ ਕੋਲੋਂ ਖ਼ਤਰਾ, ਕਦ ਗਿਣਦੀ ਏ ਕੁਰਸੀ,
ਕਹਿਰ ਵਰ੍ਹਾਵੇ ਸਦਾ ਹਕੂਮਤ ਲੰਮੀਆਂ ਡਾਰਾਂ ਉੱਤੇ।

ਜਿੱਤਾਂ ਵਾਲੇ ਹਾਰ ਪੁਆ ਕੇ ਘਰੋਂ-ਘਰੀਂ ਜਾ ਸੁੱਤੇ,
ਮੈਂ ਰਖਵਾਲੀ ਬੈਠ ਗਿਆ ਹਾਂ ਹੋਈਆਂ ਹਾਰਾਂ ਉੱਤੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /116