ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———87———

ਆਪਣੇ ਹੀ ਘਰ ਗੁਆਚਿਆਂ ਇਹ ਵੀ ਕਮਾਲ ਹੈ।
ਮੁੱਦਤ ਤੋਂ ਮੈਨੂੰ ਆਪਣੇ ਆਪੇ ਦੀ ਭਾਲ ਹੈ।

ਪੈਰਾਂ ਚ ਘੁੰਮਣਘੇਰ ਹੈ, ਮੱਥੇ 'ਚ ਖਲਬਲੀ,
ਅਜ਼ਲਾਂ ਤੋਂ ਭਟਕਣ ਤੁਰ ਰਹੀ, ਸਾਹਾਂ ਦੇ ਨਾਲ ਹੈ।

ਪਾਣੀ ’ਚ ਤਰਦੀ ਮਛਲੀਏ, ਹੁਣ ਸਾਵਧਾਨ ਹੋ,
ਮਾਛੀ ਵਿਛਾਇਆ ਤੇਰੇ ਲਈ, ਹਰ ਥਾਂ 'ਤੇ ਜਾਲ ਹੈ।

ਤੂੰ ਦਾਣਿਆਂ ਨੂੰ ਚੋਗ ਨਾ ਸਮਝੀਂ ਪਰਿੰਦਿਆ,
ਤੇਰੇ ਸ਼ਿਕਾਰ ਵਾਸਤੇ, ਦੁਸ਼ਮਣ ਦੀ ਚਾਲ ਹੈ।

ਤੁਰਦਾਂ ਤਾਂ ਅੱਗੇ ਆ ਖੜ੍ਹੇ ਦੀਵਾਰ ਦਰ ਦੀਵਾਰ,
ਬਾਕੀ ਤੂੰ ਆਪ ਸੋਚ ਲੈ, ਕਿੱਦਾਂ ਦਾ ਹਾਲ ਹੈ।

ਬਿੰਦੂ ਦੁਆਲੇ ਤੁਰ ਰਿਹਾਂ, ਮੁੱਕਣ ਨਾ ਫ਼ਾਸਲੇ,
ਕਿੱਦਾਂ ਦਾ ਗੀਤ ਗਾ ਰਿਹਾਂ ਨਾ ਸੁਰ ਨਾ ਤਾਲ ਹੈ।

ਤੇਰੀ ਆਵਾਜ਼ ਸੁਣਦਿਆਂ ਮੈਨੂੰ ਹੈ ਜਾਪਦਾ,
ਕੱਲ੍ਹਾ ਨਹੀਂ ਹਾਂ, ਮਹਿਕ ਮੇਰੇ ਨਾਲ ਨਾਲ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /117