ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———88———

ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ।
ਅੱਧੀ ਰਾਤੀਂ ਸੁਪਨੇ ਦੇ ਵਿਚ ਕਿਹੜਾ 'ਵਾਜਾਂ ਮਾਰਦਾ।

ਸੁੱਤ ਉਨੀਂਦੀ ਭੀੜ ਦੇ ਅੰਦਰ ਇੱਕੋ ਚਿਹਰਾ ਜਾਗ ਰਿਹਾ,
ਸਿਰ 'ਤੇ ਚਿੱਟੀ ਚੁੰਨੀ ਭਾਵੇਂ, ਫਿਰ ਵੀ ਨਹੀਓ ਹਾਰਦਾ।

ਤੈਨੂੰ ਵੇਖਣ ਸਾਰ ਮੇਰੇ ਚਿਹਰੇ 'ਤੇ ਰੌਣਕ ਆ ਜਾਵੇ,
ਟਾਹਣੀ ਹਰੀ ਕਚੂਰ ਦੇ ਉੱਤੇ, ਚਿਹਰਾ ਜਿਉਂ ਗੁਲਨਾਰ ਦਾ।

ਵਿਛੜਨ ਵੇਲੇ ਤੂੰ ਤਾਂ ਮੈਥੋਂ ਵਾਪਸ ਸਭ ਕੁਝ ਲੈ ਗਈ ਸੀ,
ਕਿੱਦਾਂ ਚੇਤੇ ਰੱਖਦਾ ਜੇ ਨਾ, ਰੂਹ ਵਿਚ ਨਕਸ਼ ਉਤਾਰਦਾ।

ਚਿੜੀਆਂ ਵਾਲੀ ਮੌਤ ਗੰਵਾਰਾਂ ਖ਼ਾਤਰ ਜੀਕੂੰ ਹਾਸਾ ਹੈ,
ਜ਼ਿੰਦਗੀ ਨਾਲ ਮਜ਼ਾਕਾਂ ਕਰਦਾ, ਹਰ ਵਰਕਾ ਅਖ਼ਬਾਰ ਦਾ।

ਮਾਰੂਥਲ ਵਿਚ ਰਾਤੀਂ ਭਾਵੇਂ, ਚਾਰ ਚੁਫ਼ੇਰ ਹਨੇਰਾ ਸੀ,
ਲਿਸ਼ਕਣਹਾਰ ਬਰੇਤੀ ਉੱਤੇ ਕਿੱਦਾਂ ਕਿਸ਼ਤੀ ਤਾਰਦਾ।

ਮੈਂ ਵੀ ਏਸ ਗਲੀ ਦੇ ਵਿਚੋਂ, ਚੁੱਪ ਕੀਤੇ ਲੰਘ ਜਾਣਾ ਸੀ,
ਵਕਤ ਗੁਆਚਾ ਜੇ ਨਾ ਮੈਨੂੰ ਪਿੱਛੋਂ 'ਵਾਜ਼ਾਂ ਮਾਰਦਾ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /118