ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———92———

\

ਤਪਦੇ ਥਲ ਦੇ ਉਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ।
ਪੌਣਾਂ ਤੇ ਅਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ।

ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਪੱਤਝੜ ਮਗਰੋਂ ਸੁੱਕੀਆਂ ਛਣਕਦੀਆਂ,
ਜੀਅ ਪਰਚਾਵੇ ਖ਼ਾਤਰ ਰੁੱਖ ਨੂੰ ਗੀਤ ਸੁਣਾਉਂਦੀਆਂ ਰਹਿੰਦੀਆਂ ਨੇ।

ਸ਼ਾਹੀ ਕਿਲ੍ਹਿਆਂ ਅੰਦਰ ਜਿਸ ਥਾਂ ਹਾਕਮ ਜ਼ੁਲਮ ਕਮਾਉਂਦੇ ਸੀ,
ਸਦੀਆਂ ਮਗਰੋਂ ਵੀ ਉਸ ਥਾਂ ਤੋਂ, ਕੂਕਾਂ ਆਉਂਦੀਆਂ ਰਹਿੰਦੀਆਂ ਨੇ।

ਧਰਤੀ ਜਿੱਡੀ ਕੈਨਵਸ ਉੱਤੇ ਨਕਸ਼ ਬਹਾਰਾਂ ਵਾਲੇ ਵੇਖ,
ਫੁੱਲ ਪੱਤੀਆਂ ਖ਼ੁਸ਼ਬੋਈਆਂ ਜਿਥੇ ਪੈਲਾਂ ਪਾਉਂਦੀਆਂ ਰਹਿੰਦੀਆਂ ਨੇ।

ਚੁੱਪ ਦੀ ਜੂਨ ਪਵੀਂ ਨਾ ਵੇਖੀਂ, ਤੁਰੀਂ ਨਿਰੰਤਰ ਸਫ਼ਰਾਂ 'ਤੇ,
ਬਿਰਖਾਂ ਵਿਚ ਦੀ ਤੇਜ਼ ਹਵਾਵਾਂ ਅਕਸਰ ਗਾਉਂਦੀਆਂ ਰਹਿੰਦੀਆਂ ਨੇ।

ਪਿੰਜਣ ਰੂੰ ਤੇ ਕੱਤਣ ਛੱਲੀਆਂ, ਬੁਣਦੀਆਂ ਖੱਡੀ ਰਾਤ ਦਿਨੇ,
ਪੁੱਤਰ ਦੂਰ ਗਏ ਪਰ ਮਾਵਾਂ, ਖੇਸ ਉਣਾਉਂਦੀਆਂ ਰਹਿੰਦੀਆਂ ਨੇ।

ਕੰਡਿਆਂ ਦੇ ਵਿਚ ਅੜ ਕੇ ਜਿਥੇ ਪਾਟੀ ਚੁੰਨੀ ਸ਼ਗਨਾਂ ਦੀ,
ਓਸੇ ਥਾਂ ਤੋਂ ਪੀੜਾਂ ਤਰ ਕੇ, ਹੁਣ ਵੀ ਆਉਂਦੀਆਂ ਰਹਿੰਦੀਆਂ ਨੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /122