ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———93———

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਿਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ,
ਇਹ ਮਸਲਾ ਡੂੰਘੀ ਨੀਂਦਰ ਸੌਣ ਵਾਲੇ ਕਦ ਵਿਚਾਰਨਗੇ।

ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ,
ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿਚ ਕਿੰਜ ਤਾਰਨਗੇ।

ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਊਰੂ ਦੰਗਲ ਦਾ,
ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ।

ਨਿਰੰਤਰ ਮੁਫ਼ਤਖੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ,
ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ।

ਕਹੋ ਨਾ ਏਸ ਨੂੰ ਚੋਣਾਂ, ਇਹ ਕਿਸ਼ਤਾਂ ਵਿਚ ਹੈ ਰੋਣਾ,
ਲੁਟੇਰੇ ਨੂੰ ਲੁਟੇਰੇ ਲੁੱਟ ਖ਼ਾਤਰ ਫਿਰ ਵੰਗਾਰਨਗੇ।

ਇਹ ਨੌਸਰਬਾਜ਼ ਨੇ, ਦਿਸਦੇ ਬਣੇ ਬੀਬੇ ਕਬੂਤਰ ਜੋ,
ਤੁਹਾਡੇ ਬੋਹਲ ਤੇ ਏਹੀ ਹਮੇਸ਼ਾ ਚੁੰਝ ਮਾਰਨਗੇ।

ਗੁਆਚੇ ਫਿਰ ਰਹੇ ਸਾਰੇ, ਸਿਰਾਂ 'ਤੇ ਫ਼ਰਜ਼ ਨੇ ਭਾਰੇ,
ਹੈ ਵੱਡੀ ਪੰਡ ਕਰਜ਼ਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /123