ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———94———

ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ।
ਉਸ ਦੇ ਚਰਨੀਂ ਦੀਪ ਜਗਾ ਕੇ ਧਰੀ ਗਏ।

ਨੇਰ੍ਹੇ ਅੰਦਰ ਬੈਠ ਗਏ ਆਂ ਚੁੱਪ ਕਰ ਕੇ,
ਚੁੱਪ ਦੇ ਸ਼ੋਰ ਭਿਆਨਕ ਹੱਥੋਂ ਮਰੀ ਗਏ।

ਮੜ੍ਹੀਆਂ ਤੀਕ ਪੁਚਾਇਆ ਸਾਨੂੰ ਰਹਿਬਰ ਨੇ,
ਜੋ ਜੋ ਸਾਨੂੰ ਆਖਿਆ ਆਪਾਂ ਕਰੀ ਗਏ।

ਸਾਡੇ ਉਲਟ ਗਵਾਹੀ ਸਾਥੋਂ ਲੈ ਗਏ ਉਹ,
ਘੂਕੀ ਅੰਦਰ ਅਸੀਂ ਹੁੰਗਾਰਾ ਭਰੀ ਗਏ।

ਸੱਚ ਬੋਲਣ ਦੀ ਕੀਮਤ ਸੁਣ ਕੇ ਡਰ ਗਏ ਸਾਂ,
ਮਨ ਦੇ ਕਾਂਬੇ ਕਾਰਨ ਆਪਾਂ ਠਰੀ ਗਏ।

ਜਿਨ੍ਹਾਂ ਤੋਂ ਰਖਵਾਲੀ ਖ਼ਾਤਰ ਬੈਠੇ ਸਾਂ,
ਸਾਡੇ ਹੁੰਦਿਆਂ ਹਰੀ ਅੰਗੂਰੀ ਚਰੀ ਗਏ।

ਏਸ ਨਮੋਸ਼ੀ ਦਾ ਡਰ ਸਾਨੂੰ ਡੋਬ ਗਿਆ,
ਸੁਪਨੇ ਦੇ ਵਿਚ ਬਿਨ ਪਾਣੀ ਤੋਂ ਤੁਰੀ ਗਏ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /124