ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———95———

ਮੈਂ ਸੁਲਝਾਉਂਦਾ ਉਲਝ ਗਿਆ ਹਾਂ, ਤੰਦਾਂ ਉਲਝੀ ਤਾਣੀ ਅੰਦਰ।
ਇਕ ਵੀ ਤੰਦ ਸਬੂਤੀ ਹੈ ਨਹੀਂ, ਉਲਝੀ ਰਾਮ ਕਹਾਣੀ ਅੰਦਰ।

ਸਦੀਆਂ ਮਗਰੋਂ ਬਦਲੀ ਨਹੀਂ ਤਕਦੀਰ ਸਮੇਂ ਦੀ ਏਸੇ ਕਰਕੇ,
ਓਹੀ ਰਾਣੀ ਓਹੀ ਰਾਜਾ, ਫਿਰਦੇ ਰਾਮ ਕਹਾਣੀ ਅੰਦਰ।

ਕਿੰਨੇ ਦਰਦ ਪੁਰਾਣੇ ਘੁਲ ਕੇ ਅੱਥਰੂਆਂ ਦੀ ਜੂਨ ਪਏ ਨੇ,
ਹਾਉਕੇ ਭਰਦੇ ਖ਼ਾਲੀ ਥਾਵਾਂ, ਲੰਘ ਕੇ ਸਾਹਾਂ ਥਾਣੀਂ ਅੰਦਰ।

ਕਾਮ ਕ੍ਰੋਧ ਲੋਭ ਤੇ ਮਾਇਆ, ਡੰਗਦਾ ਹੈ ਹੰਕਾਰ ਦਾ ਕੀੜਾ,
ਭਾਵੇਂ ਦੱਸਿਆ ਮਾਰਨ ਦਾ ਢੰਗ, ਗੁਰੂਆਂ ਨੇ ਗੁਰਬਾਣੀ ਅੰਦਰ।

ਵੱਸਦੀ ਧਰਤੀ ਜੰਤ ਪਰਿੰਦੇ, ਬੜੇ ਭੁਲੇਖੇ ਅੰਦਰ ਉੱਡਦੇ,
ਇਸ ਤੋਂ ਕਿਤੇ ਵਚਿੱਤਰ ਦੁਨੀਆਂ, ਵੱਸਦੀ ਹੇਠਾਂ ਪਾਣੀ ਅੰਦਰ।

ਜ਼ਿੰਦਗੀ ਕੋਹਲੂ ਨਾਲੋਂ ਜਾਬਰ, ਸਾਰਾ ਖ਼ੂਨ ਨਿਚੋੜ ਲਿਆ ਏ,
ਚੂਰਾ ਚੂਰਾ ਰੀਝਾਂ ਸੁਪਨੇ, ਪਿੱਛੇ ਰਹਿ ਗਏ ਘਾਣੀ ਅੰਦਰ।

ਮੇਰੇ ਨਾਲ ਬਰਾਬਰ ਮੇਰੀਆਂ ਅੱਖਾਂ ਬੁੱਢੀਆਂ ਹੋ ਰਹੀਆਂ ਨੇ,
ਏਸੇ ਕਰਕੇ ਦਿਸਦਾ ਨਾ ਉਹ, ਜੋ ਹਾਣੀ ਨੂੰ ਹਾਣੀ ਅੰਦਰ।

ਪੱਤੇ ਵੇਖ ਵਜਾਵਣ ਤਾਲੀ, ਨੱਚੀ ਜਾਵੇ ਨਾਚ ਨੱਚਈਆ,
ਪੌਣਾਂ ਛੇੜਨ ਰਾਗ ਇਲਾਹੀ, ਸੁੱਤਾ ਹੈ ਜੋ ਟਾਣ੍ਹੀ ਅੰਦਰ।

ਰੂਹ ਦੀ ਚੁੱਪ ਨੂੰ ਸੁਣਨਾ ਹੈ ਤਾਂ ਅੰਤਰ ਧਿਆਨ ਲਗਾ ਕੇ ਬੈਠੀਂ,
ਅਨਹਦ ਨਾਦ ਕਦੇ ਨਹੀਂ ਸੁਣਦਾ, ਬਹਿਕੇ ਮਿੱਤਰਾ ਢਾਣੀ ਅੰਦਰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /125