ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———96———

ਨੇਰ੍ਹਿਆਂ ਵਿਚ ਸ਼ਹਿਰ ਡੁੱਬਾ, ਬੋਲਦਾ ਕੋਈ ਨਹੀਂ ਹੈ।
ਗੁੱਲ ਹੋਏ ਦੀਵਿਆਂ ਨੂੰ ਢੂੰਡਦਾ ਕੋਈ ਨਹੀਂ ਹੈ।

ਸ਼ਹਿਰ ਵਾਲੇ ਲੋਕ ਅੰਦਰ ਬਹਿ ਵਿਚਾਰਾਂ ਕਰ ਰਹੇ ਨੇ,
ਚੋਰ ਨੂੰ ਵੀ ਚੋਰ ਏਥੇ ਆਖਦਾ ਕੋਈ ਨਹੀਂ ਹੈ।

ਭਰਮ ਦੀ ਦੀਵਾਰ ਦੇ ਅੰਦਰਲੇ ਕੈਦੀ ਕਿਉਂ ਬਣੇ ਨੇ,
ਡਰ ਰਹੇ ਇਕ ਦੂਸਰੇ ਤੋਂ, ਬੋਲਦਾ ਕੋਈ ਨਹੀਂ ਹੈ।

ਅਪਣੇ ਮਨ ਦਾ ਡਰ ਹੀ ਸਭ ਦਾ, ਰੋਜ਼ ਪਿੱਛਾ ਕਰ ਰਿਹਾ ਹੈ,
ਬਾਹਰਲੇ ਦੁਸ਼ਮਣ ਨੂੰ ਏਥੇ ਗੌਲ਼ਦਾ ਕੋਈ ਨਹੀਂ ਹੈ।

ਸ਼ੋਰ ਅੰਦਰ ਸ਼ਬਦ ਗੁੰਮੇ, ਅਰਥ ਲੱਭਦੇ ਫਿਰ ਰਹੇ ਨੇ,
ਏਸ ਗੁੰਮਸ਼ੁਦਗੀ ਦੇ ਬਾਰੇ, ਗ਼ਮਜ਼ਦਾ ਕੋਈ ਨਹੀਂ ਹੈ।

ਜੇਤੂਆਂ ਦੀ ਭੀੜ ਅੱਗੇ ਬੈਂਡ ਵਾਜੇ ਵੱਜ ਰਹੇ ਨੇ,
ਹਾਰਿਆਂ ਦੇ ਕੋਲ ਏਥੇ, ਠਹਿਰਦਾ ਕੋਈ ਨਹੀਂ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /126